ਲੁਧਿਆਣਾ : ਪਿਛਲੇ ਚਾਰ ਦਿਨਾਂ ਦੌਰਾਨ ਹੀ ਆਂਡਿਆਂ ਦੀਆਂ ਕੀਮਤਾਂ ਵਿਚ 38 ਰੁਪਏ ਪ੍ਰਤੀ ਸੌ ਦਾ ਵਾਧਾ ਦਰਜ ਕੀਤਾ ਗਿਆ ਹੈ। ਥੋਕ ਬਾਜ਼ਾਰ ਵਿਚ ਆਂਡੇ ਦੀ ਕੀਮਤ 540 ਰੁਪਏ ਪ੍ਰਤੀ ਸੌ ਚੱਲ ਰਹੀ ਹੈ। ਵਪਾਰੀਆਂ ਦਾ ਤਰਕ ਹੈ ਕਿ ਬਾਜ਼ਾਰ ‘ਚ ਸਰਦੀ ਵਧਣ ਨਾਲ ਮੰਗ ਵੀ ਚੰਗੀ ਰਹਿੰਦੀ ਹੈ ਤੇ ਲੱਗਦਾ ਹੈ ਕਿ ਇਹ ਸੀਜ਼ਨ ਠੀਕ ਰਹੇਗਾ।
1 ਦਸੰਬਰ ਨੂੰ ਆਂਡਿਆਂ ਦੀ ਕੀਮਤ 502 ਰੁਪਏ ਪ੍ਰਤੀ ਸੌ ਸੀ, ਜੋ 2 ਦਸੰਬਰ ਨੂੰ 504 ਰੁਪਏ, 3 ਦਸੰਬਰ ਨੂੰ 522 ਰੁਪਏ ਤੇ 4 ਦਸੰਬਰ ਨੂੰ 540 ਰੁਪਏ ਪ੍ਰਤੀ ਸੌ ਹੋ ਗਈ ਹੈ। ਥੋਕ ਮੰਡੀ ਵਿਚ ਆਂਡਿਆਂ ਦੀ ਕੀਮਤ 540 ਰੁਪਏ ਹੈ ਜਦੋਂਕਿ ਫਾਰਮ ਵਿਚ ਆਂਡੇ ਦੀ ਕੀਮਤ 521 ਰੁਪਏ ਪ੍ਰਤੀ ਸੌ ਦੇ ਕਰੀਬ ਮਿਲ ਰਹੀ ਹੈ।
ਉਤਪਾਦਕਾਂ ਦੀ ਦਲੀਲ ਹੈ ਕਿ ਹੁਣ ਅੰਡੇ ਦੀ ਮਾਰਕੀਟ ਸੱਟੇਬਾਜ਼ੀ ਦੀ ਮਾਰਕੀਟ ਵਾਂਗ ਵਿਹਾਰ ਕਰ ਰਹੀ ਹੈ। ਕਈ ਵਾਰ ਕੀਮਤਾਂ ਅਚਾਨਕ ਵਧ ਜਾਂਦੀਆਂ ਹਨ ਤੇ ਕਈ ਵਾਰ ਕੀਮਤਾਂ ਹੇਠਾਂ ਆ ਜਾਂਦੀਆਂ ਹਨ। ਇਸ ਨਾਲ ਅੰਡੇ ਉਤਪਾਦਕ ਨੂੰ ਕੋਈ ਫਾਇਦਾ ਨਹੀਂ ਹੁੰਦਾ, ਜਦੋਂ ਕਿ ਰਿਟੇਲਰ ਨੂੰ ਕਮਾਈ ਹੁੰਦੀ ਹੈ।
ਪ੍ਰੋਗਰੈਸਿਵ ਪੋਲਟਰੀ ਫਾਰਮਰਜ਼ ਐਸੋਸੀਏਸ਼ਨ ਦੇ ਚੇਅਰਮੈਨ ਸੰਜੀਵ ਬੱਸੀ ਨੇ ਕਿਹਾ ਕਿ ਮੰਡੀ ਵਿੱਚ ਮੰਗ ਵਧੀਆ ਹੈ ਅਤੇ ਸਰਦੀ ਦਾ ਮੌਸਮ ਚੰਗਾ ਸਾਬਤ ਹੋ ਸਕਦਾ ਹੈ। ਇਸ ਨਾਲ ਪੋਲਟਰੀ ਉਤਪਾਦਾਂ ਦੇ ਨੁਕਸਾਨ ਦੀ ਭਰਪਾਈ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਕਾਰਨ ਉਤਪਾਦਨ ਵਿਚ ਆਈ ਕਮੀ ਦੀ ਅਜੇ ਤਕ ਪੂਰੀ ਪੂਰਤੀ ਨਹੀਂ ਕੀਤੀ ਗਈ ਹੈ।
ਅੰਡੇ ਵਪਾਰੀਆਂ ਨੂੰ ਆਸ ਹੈ ਕਿ ਇਸ ਵਾਰ ਆਂਡਿਆਂ ਦੀ ਚੰਗੀ ਵਿਕਰੀ ਹੋਵੇਗੀ। ਸਰਦੀਆਂ ਵਿਚ ਆਂਡੇ ਦੀ ਵਿਕਰੀ ਵਧ ਜਾਂਦੀ ਹੈ। ਮੌਸਮ ਵਿਗਿਆਨੀਆਂ ਮੁਤਾਬਕ 5 ਦਸੰਬਰ ਤੋਂ ਮੌਸਮ ‘ਚ ਬਦਲਾਅ ਹੋ ਸਕਦਾ ਹੈ। ਇਸ ਤੋਂ ਬਾਅਦ ਪਾਰਾ ਡਿੱਗਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਆਂਡੇ ਦੀ ਮੰਗ ਹੋਰ ਵਧ ਜਾਵੇਗੀ।