ਲੁਧਿਆਣਾ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂਂ ਨੌਜਵਾਨਾਂ ਨੂੰ ਸ਼ਾਂਤੀ, ਪਿਆਰ ਅਤੇ ਸਦਭਾਵਨਾ ਦਾ ਸੰਦੇਸ਼ ਫੈਲਾਉਣ ਅਤੇ ਸਮਾਜ ਦੀ ਭਲਾਈ ਲਈ ਮੋਹਰੀ ਰੋਲ ਅਦਾ ਕਰਨ ਦਾ ਸੱਦਾ ਦਿੱਤਾ। ਸਥਾਨਕ ਐਸ.ਸੀ.ਡੀ. ਸਰਕਾਰੀ ਕਾਲਜ ਵਿਖੇ ਸਿਟੀ ਨੀਡਜ਼ ਦੇ ਸਹਿਯੋਗ ਨਾਲ ਟੀਮ 1699 ਵੱਲੋਂ ਪੰਜਾਬ ਵਿੱਚ ਮਨਾਏ ਜਾ ਰਹੇ ਵਿਸ਼ਵ ਅੰਤਰ-ਧਰਮ ਸਦਭਾਵਨਾ ਸਪਤਾਹ ਦੇ ਸਮਾਪਤੀ ਸਮਾਰੋਹ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਭਾਰਤ ਦੀ 65 ਫੀਸਦ ਤੋਂ ਵੱਧ ਆਬਾਦੀ 35 ਸਾਲ ਤੋਂ ਘੱਟ ਹੈ ਅਤੇ ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਅਜਿਹਾ ਨਹੀਂ ਹੈ।
ਕੈਬਨਿਟ ਮੰਤਰੀ ਬੈਂਸ ਨੇ ਕਿਹਾ ਕਿ ਦੇਸ਼ ਨੂੰ ਵਿਕਸਤ ਬਣਾਉਣ ਲਈ ਏਕਤਾ ਬਹੁਤ ਮਹੱਤਵ ਰੱਖਦੀ ਹੈ ਅਤੇ ਨੌਜਵਾਨ ਸਮਾਜ ਦੇ ਸਾਰੇ ਵਰਗਾਂ ਵਿੱਚ ਪਿਆਰ ਅਤੇ ਸਦਭਾਵਨਾ ਨੂੰ ਯਕੀਨੀ ਬਣਾ ਕੇ ਭਾਰਤ ਨੂੰ ਇੱਕ ਮਹਾਂਸ਼ਕਤੀ ਬਣਾਉਣ ਵਿੱਚ ਚਮਤਕਾਰੀ ਰੋਲ ਅਦਾ ਕਰ ਸਕਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਵਿੱਚ ਦੁਨੀਆ ਨੂੰ ਬਦਲਣ ਦੀ ਤਾਕਤ ਹੁੰਦੀ ਹੈ ਅਤੇ ਉਹ ਕਿਸੇ ਵੀ ਦੇਸ਼ ਦੀ ਸੰਪਤੀ ਹੁੰਦੇ ਹਨ।
ਬੀਤੇ ਐਤਵਾਰ ਨੂੰ ਇੰਟਰਫੇਥ ਹਾਰਮਨੀ ਵਾਕ ਦਾ ਆਯੋਜਨ ਕੀਤਾ ਗਿਆ ਅਤੇ ਵੱਖ-ਵੱਖ ਸੰਸਥਾਵਾਂ ਦੇ 500 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਸਮਾਪਤੀ ਵਾਲੇ ਦਿਨ ਬਹੁਤ ਸਾਰੇ ਵਿਦਿਆਰਥੀਆਂ ਨੇ ਅੰਤਰ-ਧਰਮ ਬਾਰੇ ਘੋਸ਼ਣਾ ਵਿੱਚ ਹਿੱਸਾ ਲਿਆ ਅਤੇ ਆਪਣੇ ਸਵੈ-ਲਿਖਤ ਪੇਪਰ ਪੇਸ਼ ਕੀਤੇ। ਅੰਤ ਵਿੱਚ, ਚੁਣੇ ਗਏ ਵਿਦਿਆਰਥੀਆਂ ਨੂੰ ਸਾਰੇ ਹਾਜ਼ਰੀਨ ਦੇ ਸਾਹਮਣੇ ਆਪਣੇ ਪੇਪਰ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ ਅਤੇ ਮੁੱਖ ਮਹਿਮਾਨ ਦੁਆਰਾ ਉਨ੍ਹਾਂ ਨੂੰ ਇਨਾਮ ਵੰਡੇ ਗਏ।