ਲੁਧਿਆਣਾ : ਚੋਣਾਂ ਤੋਂ ਤੁਰੰਤ ਬਾਅਦ ਲੁਧਿਆਣਾ ‘ਚ ਈਡੀ ਦੀਆਂ ਰੇਡਾਂ ਨੇ ਜ਼ੋਰ ਫੜ ਲਿਆ ਹੈ। ਲੁਧਿਆਣਾ ਦੀ ਪੌਸ਼ ਕਾਲੋਨੀ ਜਨਪੱਥ ਫਾਰਮ ਵਿਖੇ ਉੱਘੇ ਕਾਰੋਬਾਰੀ ਦਿਨੇਸ਼ ਸੋਇਨ ਤੇ ਅਭਿਸ਼ੇਕ ਸੋਇਨ ਦੇ ਘਰ ਈਡੀ ਵੱਲੋਂ ਭਾਰੀ ਪੁਲਿਸ ਫੋਰਸ ਨਾਲ ਛਾਪੇਮਾਰੀ ਕੀਤੀ ਗਈ।
ਲੁਧਿਆਣਾ ਦੇ ਨਾਲ ਪੰਜਾਬ ਤੇ ਹਿਮਾਚਲ ਦੇ ਵੀ ਕਈ ਹਿੱਸਿਆਂ ‘ਚ ਵੀ ਇਨ੍ਹਾਂ ਕੰਪਨੀਆਂ ਨਾਲ ਸਬੰਧਤ ਦਫਤਰਾਂ ਵਿਚ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਿਗਮਾ ਸੀਮੈਂਟ ਤੇ ਸਿਗਮਾ ਦੇ ਨਾਮ ‘ਤੇ ਬਿਜ਼ਨਸ ਕਰ ਰਹੇ ਇਨ੍ਹਾਂ ਕਾਰੋਬਾਰੀਆਂ ਨੇ ਸਵਿਟਜ਼ਰਲੈਡ ਵਿਚ ਵੀ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ।
ਛਾਪੇਮਾਰੀ ਦੀ ਕਾਰਵਾਈ ਏਨੀ ਗੁਪਤ ਸੀ ਕਿ ਮਹਿਕਮੇ ਨੇ ਆਪਣੀਆਂ ਸਰਕਾਰੀ ਗੱਡੀਆਂ ਦੀ ਥਾਂ ਪ੍ਰਾਈਵੇਟ ਗੱਡੀਆਂ ਦਾ ਇਸਤੇਮਾਲ ਕੀਤਾ ਅਤੇ ਪੈਰਾਮਿਲਟਰੀ ਫੋਰਸ ਦੀ ਥਾਂ ਇਸ ਛਾਪੇਮਾਰੀ ਦੌਰਾਨ ਜਲੰਧਰ ਤੇ ਹੋਰ ਸ਼ਹਿਰਾਂ ਤੋਂ ਪੁਲਿਸ ਦੀਆਂ ਕੰਪਨੀਆਂ ਦਾ ਪ੍ਰਯੋਗ ਕੀਤਾ ਗਿਆ।
ਛਾਪੇਮਾਰੀ ਦੌਰਾਨ ਕਿਸੇ ਵੀ ਮੀਡੀਆ ਕਰਮੀ ਨੂੰ ਛਾਪੇਮਾਰੀ ਵਾਲੀ ਥਾਂ ਦੇ ਨੇੜੇ ਵੀ ਨਹੀਂ ਫਟਕਣ ਦਿੱਤਾ ਗਿਆ। ਹਵਾਲੇ ਨਾਲ ਸਬੰਧਤ ਮਿਲੇ ਕਿਸੇ ਸੰਕੇਤ ਕਾਰਨ ਹੀ ਈਡੀ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਦੇਰ ਰਾਤ ਤਕ ਈਡੀ ਵਲੋਂ ਜਾਂਚ ਜਾਰੀ ਸੀ।