ਲੁਧਿਆਣਾ : ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵੱਲੋਂ ਕੂੜਾ ਪ੍ਰਬੰਧਨ ਦੀ ਬਿਹਤਰੀ ਲਈ ਵਾਰਡ ਨੰਬਰ 41 ਤੋਂ 8 ਈ-ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ੍ਰੀਮਤੀ ਪੂਨਮਪ੍ਰੀਤ ਤੋਂ ਇਲਾਵਾ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਵਿਧਾਇਕ ਸ. ਕੁਲਵੰਤ ਸਿੰਘ ਵੱਲੋਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਸਫਾਈ ਦੀ ਹਾਲਤ ਬਹੁਤ ਹੀ ਬਦਤਰ ਬਣ ਚੁੱਕੀ ਸੀ ਪਰ ਹੁਣ ਸਫਾਈ ਮੁਲਾਜ਼ਮਾਂ ਨੂੰ ਇਹ ਈ-ਰਿਕਸ਼ਾ ਮਿਲ ਜਾਣ ਕਾਰਨ ਕੂੜਾ ਕਰਕਟ ਸਹੀ ਸਮੇਂ ਤੇ ਡੰਪ ਤੱਕ ਪੁੱਜਦਾ ਹੋ ਜਾਇਆ ਕਰੇਗਾ। ਉਨ੍ਹਾਂ ਕਿਹਾ ਕਿ ਹਲਕਾ ਆਤਮਾ ਨਗਰ ਦੇ ਵੱਖ-ਵੱਖ ਵਾਰਡਾਂ ਲਈ ਈ-ਰਿਕਸ਼ਾ ਅਲਾਟ ਕੀਤੇ ਗਏ ਹਨ ਜੋਕਿ ਲੜੀਵਾਰ ਚਲਾਏ ਜਾ ਰਹੇ ਹਨ।
ਉਨ੍ਹਾਂ ਸਫਾਈ ਮੁਲਾਜ਼ਮਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ, ਇਮਾਨਦਾਰੀ, ਲਗਨ ਅਤੇ ਮਿਹਨਤ ਨਾਲ ਨਿਭਾਉਣ ਤਾਂ ਜੋ ਵਿਧਾਨ ਸਭਾ ਹਲਕਾ ਆਤਮ ਨਗਰ ਦੀ ਸਫ਼ਾਈ ਵਿਵਸਥਾ ਠੀਕ ਬਣੀ ਰਹੇ। ਉਨ੍ਹਾਂ ਕਿਹਾ ਕਿ ਇਹ ਈ-ਰਿਕਸ਼ਾਂ ਵਾਤਾਵਰਣ ਪੱਖੀ ਹਨ, ਇਨ੍ਹਾਂ ਨਾਲ ਪ੍ਰਦੂਸ਼ਣ ਵੀ ਨਹੀਂ ਫੈਲਦਾ ਕਿਉਂਕਿ ਇਹ ਬਿਜਲੀ ਨਾਲ ਚਾਰਜ਼ ਹੁੰਦੇ ਹਨ। ਉਨ੍ਹਾਂ ਕਿਹਾ ਇਨ੍ਹਾਂ ਈ-ਰਿਕਸ਼ਿਆਂ ਰਾਹੀਂ ਨਿਗਮ ‘ਤੇ ਡੀਜ਼ਲ/ਪੈਟਰੋਲ ਦੇ ਖਰਚੇ ਦਾ ਵੀ ਬੋਝ ਘੱਟੇਗਾ।
ਉਨ੍ਹਾਂ ਸ਼ਹਿਰ ਦੇ ਵਸਨੀਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਗਿੱਲਾ ਅਤੇ ਸੁੱਕਾ ਕੂੜਾ ਵੱਖਰਾ ਰੱਖਣ ਕਿਉਂਕਿ ਲੁਧਿਆਣਾ ਸ਼ਹਿਰ ਨੂੰ ਸਾਫ-ਸੁੱਥਰਾ, ਹਰਿਆ ਭਰਿਆ ਬਣਾਉਣ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਦੇ ਹਰ ਵਰਗ ਦਾ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੇ ਰਾਜ ਵਿੱਚ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।