ਲੁਧਿਆਣਾ : ਅਪਰਾਧਕ ਮਾਮਲੇ ਵਿਚ ਸਜ਼ਾ ਕੱਟ ਰਹੇ ਮੁਲਜ਼ਮ ਦੇ ਕਬਜ਼ੇ ‘ਚੋਂ ਦੋ ਮੋਬਾਇਲ ਫੋਨ ਅਤੇ 45 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਮੁਲਜ਼ਮ ਦੇ ਕਬਜ਼ੇ ‘ਚੋਂ ਇਹ ਵਰਜਿਤ ਸਾਮਾਨ ਉਸ ਵੇਲੇ ਬਰਾਮਦ ਕੀਤਾ ਗਿਆ, ਜਦੋਂ ਉਹ ਆਪਣੇ ਬੈਰਕ ਵਿਚ ਮੌਜੂਦ ਸੀ। ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਸਹਾਇਕ ਸੁਪਰੀਡੈਂਟ ਸੂਰਜ ਮੱਲ ਦੀ ਜਾਣਕਾਰੀ ਤੋਂ ਬਾਅਦ ਦੋਰਾਂਗਲਾ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਕੈਦੀ ਅਮਨਦੀਪ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਕਿਸੇ ਅਪਰਾਧਕ ਮਾਮਲੇ ਵਿਚ ਲੁਧਿਆਣਾ ਸੈਂਟਰਲ ਜੇਲ੍ਹ ‘ਚ ਸਜ਼ਾ ਕੱਟ ਰਿਹਾ ਸੀ । ਸਹਾਇਕ ਸੁਪਰੀਡੈਂਟ ਸੂਰਜ ਮੱਲ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਸਵੇਰ ਵੇਲੇ ਇਹ ਬੈਰਕਾਂ ਦੀ ਕੀਤੀ ਜਾ ਰਹੀ ਤਲਾਸ਼ੀ ਦੇ ਦੌਰਾਨ ਅਮਨਦੀਪ ਸਿੰਘ ਦੇ ਕਬਜ਼ੇ ‘ਚੋਂ 2 ਮੋਬਾਇਲ ਫੋਨ ਅਤੇ 45 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਜੇਲ੍ਹ ਅਧਿਕਾਰੀਆਂ ਦੇ ਮੁਤਾਬਕ ਮੁਲਜ਼ਮ ਨੇ ਅਜਿਹਾ ਕਰਕੇ ਜੇਲ੍ਹ ਨਿਯਮਾਂ ਦੀ ਉਲੰਘਣਾ ਕੀਤੀ ਹੈ।