ਪੀ.ਏ.ਯੂ. ਵਿਚ ਨਿਰਦੇਸ਼ਕ ਵਿਦਿਆਰਥੀ ਭਲਾਈ ਵਜੋਂ ਸੇਵਾ ਨਿਭਾ ਰਹੇ ਡਾ. ਨਿਰਮਲ ਜੌੜਾ ਨੂੰ ਬੀਤੇ ਦਿਨੀਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਬਠਿੰਡਾ ਦੇ ਯੁਵਕ ਤੇ ਸਭਿਆਚਾਰ ਸੇਵਾਵਾਂ ਬਾਰੇ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਡਾ. ਜੌੜਾ ਦੀ ਨਾਮਜ਼ੁਦਗੀ ਦੋ ਸਾਲ ਦੀ ਮਿਆਦ ਲਈ ਕੀਤੀ ਗਈ ਹੈ। ਉਹ ਆਉਂਦੇ ਦੋ ਸਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਚ ਯੁਵਕ ਸੇਵਾਵਾਂ ਦੀ ਵਿਉਂਤਬੰਦੀ ਵਿਚ ਆਪਣੇ ਤਜਰਬਿਆਂ ਦਾ ਲਾਭ ਦੇਣਗੇ।
ਡਾ. ਜੌੜਾ ਪਿਛਲੇ ਤਿੰਨ ਦਹਾਕਿਆਂ ਤੋਂ ਵੀ ਲੰਮੇ ਸਮੇਂ ਤੋਂ ਪੀ.ਏ.ਯੂ. ਦਾ ਹਿੱਸਾ ਹਨ। ਉਨ੍ਹਾਂ ਨੇ ਪੰਜਾਬੀ ਸਾਹਿਤ, ਸਭਿਆਚਾਰ, ਭਾਸ਼ਾ ਤੇ ਯੁਵਕ ਸੇਵਾਵਾਂ ਦੇ ਖੇਤਰ ਵਿਚ ਬਹੁਤ ਜ਼ਿਕਰਯੋਗ ਕੰਮ ਕੀਤਾ ਹੈ। ਉਨ੍ਹਾਂ ਨੇ 9 ਕਿਤਾਬਾਂ ਪੰਜਾਬੀ ਵਿਚ ਲਿਖੀਆਂ। ਇਨ੍ਹਾਂ ਵਿੱਚੋ 6 ਕਿਤਾਬਾਂ ਮੌਲਿਕ ਨਾਟਕਾਂ ਦੀਆਂ ਹਨ ਤੇ 3 ਕਿਤਾਬਾਂ ਸਭਿਆਚਾਰ ਬਾਰੇ ਲਿਖਤਾਂ ਦੀਆਂ ਹਨ। ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਡਾ. ਜੌੜਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।