ਲੁਧਿਆਣਾ : ਡਾ: ਕੋਟਨਿਸ ਐਕਯੂਪੰਕਚਰ ਹਸਪਤਾਲ, ਸਲੇਮ ਟਾਬਰੀ, ਲੁਧਿਆਣਾ ਦੇ ਦੋ ਡਾਕਟਰਾਂ ਡਾ: ਇੰਦਰਜੀਤ ਸਿੰਘ ਅਤੇ ਡਾ: ਸੰਦੀਪ ਚੋਪੜਾ ਨੇ ਚੀਨੀ ਦੂਤਾਵਾਸ ਵਿਖੇ ਚੀਨੀ ਮੰਤਰੀ ਵਾਂਗ ਜ਼ਿਨਮਿੰਗ ਨਾਲ ਵਿਸ਼ੇਸ਼ ਤੌਰ ‘ਤੇ ਮੁਲਾਕਾਤ ਕੀਤੀ। ਉਨ੍ਹਾਂ ਡਾ: ਕੋਟਨਿਸ ਐਕਿਊਪੰਕਚਰ ਹਸਪਤਾਲ ਵੱਲੋਂ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਐਕਿਊਪੰਕਚਰ ਪ੍ਰਣਾਲੀ ਭਵਿੱਖ ਵਿੱਚ ਭਾਰਤ ਅਤੇ ਚੀਨ ਦੀ ਦੋਸਤੀ ਵਿੱਚ ਵਿਸ਼ੇਸ਼ ਭੂਮਿਕਾ ਨਿਭਾਏਗੀ ਅਤੇ ਚੀਨ ਸਰਕਾਰ ਵੀ ਪੂਰੇ ਚੀਨ ਵਿੱਚ ਭਾਰਤੀ ਦਵਾਈ ਪ੍ਰਣਾਲੀ ਅਤੇ ਯੋਗਾ ਨੂੰ ਉਤਸ਼ਾਹਿਤ ਕਰ ਰਹੀ ਹੈ।
ਇਸ ਮੌਕੇ ਡਾ: ਇੰਦਰਜੀਤ ਸਿੰਘ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ-ਚੀਨ ਸਿਹਤ ਸੇਵਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇ ਤਾਂ ਜੋ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਘੱਟ ਤੋਂ ਘੱਟ ਦਰਾਂ ‘ਤੇ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ ਅਤੇ ਦੋਵਾਂ ਦੇਸ਼ਾਂ ਦੇ ਲੋਕ ਇਕ-ਦੂਜੇ ਦੀਆਂ ਮੈਡੀਕਲ ਪ੍ਰਣਾਲੀਆਂ ਦਾ ਲਾਭ ਉਠਾ ਸਕਣ। ਇਸੇ ਲੜੀ ਨੂੰ ਅੱਗੇ ਤੋਰਦਿਆਂ ਡਾ: ਇੰਦਰਜੀਤ ਸਿੰਘ ਨੇ ਦੱਸਿਆ ਕਿ ਜੁਲਾਈ ਮਹੀਨੇ ਤੋਂ ਪੂਰੇ ਭਾਰਤ ਵਿੱਚ ਐਕੂਪੰਕਚਰ ਦੇ ਪ੍ਰਸਾਰ ਲਈ ਵੱਖ-ਵੱਖ ਰਾਜਾਂ ਵਿੱਚ ਮੁਫ਼ਤ ਐਕੂਪੰਕਚਰ ਕੈਂਪ ਲਗਾਏ ਜਾਣਗੇ।