ਲੁਧਿਆਣਾ : ਅੱਜ ਪੀ ਏ ਯੂ ਦੇ ਪਾਲ ਆਡੀਟੋਰੀਅਮ ਵਿਚ ਉੱਘੇ ਝੋਨਾ ਵਿਗਿਆਨੀ ਅਤੇ ਵਿਸ਼ਵ ਭੋਜਨ ਪੁਰਸਕਾਰ ਜੇਤੂ ਡਾ ਗੁਰਦੇਵ ਸਿੰਘ ਖੁਸ਼ ਫਾਉਂਡੇਸ਼ਨ ਦਾ ਸਲਾਨਾ ਸਮਾਗਮ ਹੋਇਆ। ਇਸ ਵਿਚ ਪੀ ਏ ਯੂ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵਜ਼ੀਫ਼ੇ ਵੰਡੇ ਗਏ। ਨਾਲ ਹੀ ਡਾ ਦਰਸ਼ਨ ਸਿੰਘ ਬਰਾੜ ਦੀ ਯਾਦ ਵਿੱਚ ਵਿਗਿਆਨ ਐਵਾਰਡ ਵੀ ਪ੍ਰਦਾਨ ਕੀਤੇ ਗਏ।
ਸਮਾਗਮ ਵਿੱਚ ਡਾ ਗੁਰਦੇਵ ਸਿੰਘ ਖੁਸ਼ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਉਨ੍ਹਾਂ ਵਜ਼ੀਫ਼ੇ ਅਤੇ ਐਵਾਰਡ ਜੇਤੂਆਂ ਨੂੰ ਵਧਾਈ ਦਿੱਤੀ ਤੇ ਨਾਲ ਹੀ ਸਥਿਰ ਖੇਤੀ ਅਤੇ ਵਾਤਾਵਰਨ ਦੀਆਂ ਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਖੇਤੀ ਵਿਗਿਆਨੀਆਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ। ਡਾ ਖੁਸ਼ ਨੇ ਕਿਹਾ ਕਿ ਫਾਉਂਡੇਸ਼ਨ ਵਲੋਂ ਖੇਤੀ ਖੇਤਰ ਦੇ ਖੋਜਾਰਥੀਆਂ ਨੂੰ ਸਨਮਾਨਿਤ ਕਰਕੇ ਬਿਹਤਰ ਖੇਤੀ ਵਿਗਿਆਨੀ ਪੈਦਾ ਕਰਨ ਦਾ ਮੰਤਵ ਹਾਸਿਲ ਕੀਤਾ ਜਾਵੇਗਾ।
ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਬੋਲਦਿਆਂ ਡਾ ਖੁਸ਼ ਫਾਉਂਡੇਸ਼ਨ ਦਾ ਧਨਵਾਦ ਕੀਤਾ। ਉਨ੍ਹਾਂ ਕਿਹਾ ਕਿ ਖੇਤੀ ਨੂੰ ਸੰਬੰਧਿਤ ਵੰਗਾਰਾਂ ਦੇ ਟਾਕਰੇ ਲਈ ਅੱਜ ਦੇ ਵਿਦਿਆਰਥੀ ਕੱਲ੍ਹ ਵਿਗਿਆਨੀ ਬਣ ਕੇ ਸਾਹਮਣੇ ਆਉਣਗੇ। ਉਨ੍ਹਾਂ ਨੇ ਪੀ ਏ ਯੂ ਵਲੋਂ ਫਾਉਂਡੇਸ਼ਨ ਨੂੰ ਹਰ ਸਹਿਯੋਗ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਡਾ ਦਰਸ਼ਨ ਸਿੰਘ ਬਰਾੜ ਯਾਦਗਾਰੀ ਐਵਾਰਡ ਜੇਤੂ ਵਿਗਿਆਨੀ ਰਾਸ਼ਟਰੀ ਝੋਨਾ ਖੋਜ ਸੰਸਥਾਨ ਕਟਕ ਦੇ ਮੁੱਖ ਵਿਗਿਆਨੀ ਡਾ ਸੰਘਮਿਤਰਾ ਸਮੰਥਰੇ ਨੇ ਡਾ ਦਰਸ਼ਨ ਸਿੰਘ ਬਰਾੜ ਯਾਦਗਾਰੀ ਭਾਸ਼ਣ ਵੀ ਦਿੱਤਾ। ਉਨ੍ਹਾਂ ਆਪਣੇ ਭਾਸ਼ਣ ਵਿਚ ਝੋਨੇ ਦੀਆਂ ਨਵੀਂਆਂ ਕਿਸਮਾਂ ਤੋਂ ਇਲਾਵਾ ਜ਼ਿੰਕ ਵਾਲੀਆਂ ਕਿਸਮਾਂ ਅਤੇ ਝੋਨੇ ਦੇ ਹਾਈਬ੍ਰਿਡਾਂ ਦੇ ਖੇਤਰ ਵਿਚ ਕੀਤੀ ਜਾ ਰਹੀ ਖੋਜ ਦਾ ਹਵਾਲਾ ਦਿੱਤਾ।
ਡਾ ਬਰਾੜ ਯਾਦਗਾਰੀ ਨੌਜਵਾਨ ਵਿਗਿਆਨੀ ਪੁਰਸਕਾਰ ਪੀ ਏ ਯੂ ਦੇ ਭੂਮੀ ਵਿਗਿਆਨੀ ਡਾ ਮਨਪ੍ਰੀਤ ਸਿੰਘ ਮਾਵੀ ਨੂੰ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੇ ਵੀ ਫਾਉਂਡੇਸ਼ਨ ਦਾ ਧਨਵਾਦ ਕੀਤਾ। ਇਸ ਮੌਕੇ ਫਾਉਂਡੇਸ਼ਨ ਵਲੋਂ ਪੀ ਏ ਯੂ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ 57 ਵਿਦਿਆਰਥੀਆਂ ਨੂੰ ਵਜ਼ੀਫ਼ੇ ਵੰਡੇ ਗਏ। ਇਸ ਸਮੇਂ ਡਾ ਖੁਸ਼, ਡਾ ਗੋਸਲ, ਡਾ ਹਰਵੰਤ ਕੌਰ ਖੁਸ਼ ਅਤੇ ਡਾ ਐਚ ਐਸ ਬਾਂਗਾ ਨੇ ਵਿਦਿਆਰਥੀਆਂ ਨੂੰ ਵਜ਼ੀਫੇ ਵੰਡੇ।
ਇਸ ਤੋਂ ਇਲਾਵਾ 13 ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਰਾਸ਼ਟਰੀ-ਅੰਤਰਰਾਸ਼ਟਰੀ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਯਾਤਰਾ ਗਰਾਂਟ ਨਾਲ ਵੀ ਨਿਵਾਜਿਆ ਗਿਆ। ਇਸ ਤੋਂ ਪਹਿਲਾਂ ਡਾ ਖੁਸ਼ ਫਾਉਂਡੇਸ਼ਨ ਦੇ ਸਕੱਤਰ ਡਾ ਕੁਲਦੀਪ ਸਿੰਘ ਨੇ ਫਾਉਂਡੇਸ਼ਨ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਮੈਰਿਟ ਸਕਾਲਰਸ਼ਿਪ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ।
ਇਸ ਤੋਂ ਇਲਾਵਾ ਡਾ ਬਰਾੜ ਯਾਦਗਾਰੀ ਐਵਾਰਡ ਅਤੇ ਯਾਤਰਾ ਗ੍ਰਾਂਟਾਂ ਵੀ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਅਗਾਂਹ ਵੀ ਇਨ੍ਹਾਂ ਯਤਨਾਂ ਨੂੰ ਜਾਰੀ ਰੱਖਣ ਦਾ ਅਹਿਦ ਲਿਆ। ਅੰਤ ਵਿੱਚ ਧਨਵਾਦ ਦੇ ਸ਼ਬਦ ਡਾ ਰਵਿੰਦਰ ਕੌਰ ਧਾਲੀਵਾਲ ਨੇ ਕਹੇ। ਇਸ ਮੌਕੇ ਦੋਵਾਂ ਯੂਨੀਵਰਸਿਟੀਆਂ ਦੇ ਮਾਹਿਰਾਂ ਅਤੇ ਵਿਦਿਆਰਥੀਆਂ ਤੋਂ ਬਿਨਾਂ ਵੱਡੀ ਗਿਣਤੀ ਵਿਚ ਖੇਤੀ ਖੇਤਰ ਦੇ ਖੋਜੀ ਮੌਜੂਦ ਸਨ।