ਲੁਧਿਆਣਾ : ਉੱਘੇ ਪੰਜਾਬੀ ਲੇਖਕ ਤੇ ਸੇਵਾ ਮੁਕਤ ਪੁਲੀਸ ਕਮਿਸ਼ਨਰ ਸਃ ਗੁਰਪ੍ਰੀਤ ਸਿੰਘ ਤੂਰ ਨੇ ਪੰਜਾਬੀ ਭਵਨ ਲੁਧਿਆਣਾ ਵਿਖੇ ਕਿਹਾ ਹੈ ਕਿ ਸਾਂਝੇ ਪਰਿਵਾਰਕ ਢਾਂਚੇ ਦਾ ਟੁੱਟਣਾ ਸਮਾਜਿਕ ਵਿਕਾਸ ਨੂੰ ਨਿਘਾਰ ਵੱਲ ਤੋਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੁਰਮ, ਨਸ਼ਾਖ਼ੋਰੀ, ਵਿਹਲੜ ਸੱਭਿਆਚਾਰ, ਖੇਡਾਂ ਤੇ ਸਾਹਿੱਤ ਵੱਲ ਬੇਰੁਖ਼ੀ, ਬੇਗਾਨਗੀ ਦਾ ਅਹਿਸਾਸ ਵਧਣ ਦਾ ਕਾਰਨ ਇਹੀ ਹੈ ਕਿ ਸਾਂਝਾ ਸੁਪਨਾ, ਸਾਂਝੀ ਜੀਵਨ ਤੋਰ ਤੇ ਸਾਂਝੇ ਆਦਰਸ਼ਾਂ ਦੀ ਥਾਂ ਆਪਹੁਦਰਾਪਨ ਘਰਾਂ ਤੋਂ ਹੀ ਸ਼ੁਰੂ ਹੋ ਗਿਆ ਹੈ।
ਸਃ ਤੂਰ ਨੇ ਮਾਲਵਾ ਸੱਭਿਆਚਾਰ ਮੰਚ ਨੂੰ ਸਾਂਝੇ ਸੰਗਠਿਤ ਪਰਿਵਾਰਾਂ ਦੀ ਨਿਸ਼ਾਨਦੇਹੀ ਕਰਕੇ ਵੀ ਸਨਮਾਨਣਾ ਚਾਹੀਦਾ ਹੈ ਤਾਂ ਜੋ ਰੋਲ ਮਾਡਲ ਦੇ ਰੂਪ ਵਿੱਚ ਸਮਾਜ ਨੂੰ ਅਜਿਹੇ ਸਫ਼ਲ ਯਤਨ ਵਿਖਾਏ ਜਾ ਸਕਣ। ਸਃ ਤੂਰ ਨੇ ਕਿਹਾ ਕਿ ਸਾਂਝੀ ਸਮਾਜਿਕ ਸੰਵੇਦਨਾ ਮੁੜ ਸੁਰਜੀਤ ਕਰਨ ਲਈ ਸਾਹਿੱਤ ਸੱਭਿਆਚਾਰ ਤੇ ਕਲਾ ਨਾਲ ਸਬੰਧਿਤ ਸੰਸਥਾਵਾਂ ਨੂੰ ਸੁਚੇਤ ਯਤਨ ਕਰਨੇ ਪੈਣਗੇ। ਮਾਲਵਾ ਸੱਭਿਆਚਾਰਕ ਮੰਚ ਵੱਲੋਂ ਪੰਜਾਬੀ ਲੋਕ ਨਾਚ ਗਿੱਧਾ ਦੇ ਖੇਤਰ ਵਿੱਚ ਸਿਰਮੌਰ ਸ਼ਖਸੀਅਤ ਸਰਬਜੀਤ ਕੌਰ ਮਾਂਗਟ ਨੂੰ ਸ਼ਗਨਾਂ ਦੀ ਗਾਗਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।