ਲੁਧਿਆਣਾ : ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਲਾਗੂ ਕਰਵਾਉਣ ਹਿੱਤ ਚਲਾਈ ਜਾ ਰਹੀ ਮੁਹਿੰਮ ਤਹਿਤ ਲੁਧਿਆਣਾ ਜਿਲ੍ਹੇ ਦੇ ਬਲਾਕ ਸਿੱਧਵਾ ਬੇਟ ਦੇ ਪਿੰਡ ਗੋਰਾਹੂਰ ਵਿਖੇ ਸ. ਕਰਤਿੰਦਰਪਾਲ ਸਿੰਘ (ਪੰਮੀ) ਸਾਬਕਾ ਸਰਪੰਚ ਸਿੰਘਪੁਰਾ ਦੇ ਖੇਤਾਂ ਵਿੱਚ ਤਿੰਨ ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਡਾ. ਜਸਵਿੰਦਰਪਾਲ ਸਿੰਘ ਗਰੇਵਾਲ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਇਨਪੁਟਸ) ਪੰਜਾਬ ਦੀ ਹਾਜ਼ਰੀ ਵਿੱਚ ਕਰਵਾਈ ਗਈ।
ਇਸ ਮੌਕੇ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਗਰੇਵਾਲ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਹੇਠ ਵੱਧ ਤੋਂ ਵੱਧ ਰਕਬਾ ਲਿਆਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਕਿਸਾਨਾਂ ਦੇ ਖੇਤਾਂ ਵਿੱਚ ਮੌਕੇ ‘ਤੇ ਜਾ ਕੇ ਪ੍ਰਦਰਸ਼ਨੀਆਂ ਲਗਵਾਈਆਂ ਜਾ ਰਹੀਆਂ ਹਨ। ਇਸ ਵਿਧੀ ਨੂੰ ਪੁਰਜੋਰ ਢੰਗ ਨਾਲ ਲਾਗੂ ਕਰਵਾਉਣ ਲਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਵਲੋਂ ਕਿਸਾਨ ਸਿਖਲਾਈ ਕੈਂਪਾਂ ਰਾਹੀਂ, ਲਿਟਰੈਚਰ ਵੰਡ ਕੇ ਕਿਸਾਨਾਂ ਨੂੰ ਵੱਧ ਤੋਂ ਵੱਧ ਰਕਬਾ ਇਸ ਤਕਨੀਕ ਹੇਠ ਲਿਆਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਡਾ.ਨਰਿੰਦਰ ਸਿੰਘ ਬੈਨੀਪਾਲ ਵਲੋਂ ਕਿਹਾ ਗਿਆ ਕਿ ਇਸ ਤਕਨੀਕ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ ਉਥੇ ਧਰਤੀ ਹੇਠ ਪਾਣੀ ਰੀਚਾਰਜ ਵੀ ਹੁੰਦਾ ਹੈ, ਲੇਬਰ ਦੀ ਬੱਚਤ ਹੁੰਦੀ ਹੈ ਅਤੇ ਫਸਲ ਨੂੰ ਕੀੜੇ-ਮਕੌੜੇ ਵੀ ਘੱਟ ਲੱਗਦੇ ਹਨ। ਉਹਨਾਂ ਕਿਸਾਨਾਂ ਨੂੰ ਕਿਹਾ ਕਿ ਝੋਨੇ ਦੀਆਂ ਪਰਮਲ ਕਿਸਮਾਂ ਦੀ ਸਿੱਧੀ ਬਿਜਾਈ 15 ਜੂਨ ਅਤੇ ਬਾਸਮਤੀ ਦੀ ਸਿੱਧੀ ਬਿਜਾਈ 30 ਜੂਨ ਤੱਕ ਕੀਤੀ ਜਾ ਸਕਦੀ ਹੈ।
ਕਿਸਾਨ ਕਰਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਖੇਤਾਂ ਵਿੱਚ ਥੋੜ੍ਹਾ-ਥੋੜ੍ਹਾ ਰਕਬਾ ਝੋਨੇ ਦੀ ਸਿੱਧੀ ਬਿਜਾਈ ਅਧੀਨ ਲਿਆ ਰਿਹਾ ਹੈ ਅਤੇ ਇਸ ਸਾਲ ਤਕਰੀਬਨ 06 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੈ, ਸਿੱਧੀ ਬਿਜਾਈ ਵਾਲੇ ਝੋਨੇ ਦਾ ਝਾੜ ਵੀ ਕੱਦੂ ਕਰਕੇ ਬੀਜੇ ਝੋਨੇ ਦੇ ਬਰਾਬਰ ਜਾਂ ਜਿਆਦਾ ਹੀ ਪ੍ਰਾਪਤ ਹੁੰਦਾ ਹੈ।