ਪੰਜਾਬ ‘ਚ ਪਏ ਭਾਰੀ ਮੀਂਹ ਕਾਰਨ ਹਰ ਪਾਸੇ ਹਾਲਾਤ ਵਿਗੜੇ ਹੋਏ ਹਨ ਅਤੇ ਪਾਣੀ ਲੋਕਾਂ ਦੇ ਘਰਾਂ ਅਤੇ ਖੇਤਾਂ ‘ਚ ਫਿਰ ਰਿਹਾ ਹੈ। ਥਾਂ-ਥਾਂ ‘ਤੇ ਨਹਿਰਾਂ ਦੇ ਬੰਨ੍ਹ੍ ਟੁੱਟ ਰਹੇ ਹਨ। ਇਸ ਦਰਮਿਆਨ ਸਤਲੁਜ ਦਰਿਆ ‘ਚ ਆਏ ਸਮਰੱਥਾ ਤੋਂ ਵੱਧ ਪਾਣੀ ਨੇ 2 ਥਾਵਾਂ ਤੋਂ ਧੁੱਸੀ ਬੰਨ੍ਹ ਤੋੜ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਬੰਨ੍ਹ ‘ਚ ਇਕ ਪਾੜ ਰਾਤ ਦੇ 12.40 ਦੇ ਕਰੀਬ ਅਤੇ ਦੂਜਾ ਪਾੜ ਤੜਕੇ 2 ਵਜੇ ਲੱਖੂ ਦੀਆਂ ਛੰਨਾਂ ਅਤੇ ਨਸੀਰਪੁਰ ਤੋਂ ਪਿਆ ਹੈ।
ਚਸ਼ਮਦੀਦਾਂ ਮੁਤਾਬਕ ਪਹਿਲਾਂ ਬੰਨ੍ਹ ‘ਚ ਘਰਲ ਪਿਆ, ਜੋ ਜੱਦੋ-ਜਹਿਦ ਦੇ ਬਾਵਜੂਦ ਪੂਰ ਨਹੀਂ ਹੋਈ ਅਤੇ ਕੁੱਝ ਸਮੇਂ ਦਰਮਿਆਨ ਦੇਖਦੇ ਹੀ ਦੇਖਦੇ ਪਾੜ ਪੈ ਗਿਆ, ਜਿਸ ਕਾਰਨ ਬੰਨ੍ਹ ਟੁੱਟ ਗਿਆ। ਇਸ ਨਾਲ ਲੋਹੀਆਂ ਅਤੇ ਗਿੱਦੜਪਿੰਡ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਪਾਣੀ ਭਰਨ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਐੱਨ. ਡੀ. ਆਰ. ਐੱਫ. ਨੇ ਰੈਸਕਿਊ ਆਪਰੇਸ਼ਨ ਚਲਾਇਆ।