ਲੁਧਿਆਣਾ : ਜਮਾਲਪੁਰ ਨਿਵਾਸੀ ਬੂਟਾ ਕੁਹਾੜਾ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਸਾਹਿਬ ਵਾਲੀ ਸਾਈਡ ਆਪਣੀ ਰਿਸ਼ਤੇਦਾਰੀ ’ਚ ਵਿਆਹ ਸਮਾਗਮ ’ਚ ਹਿੱਸਾ ਲੈਣ ਲਈ ਪਰਿਵਾਰ ਸਮੇਤ ਗਿਆ ਸੀ। ਸਮਾਗਮ ਤੋਂ ਵਾਪਸੀ ਦੌਰਾਨ ਉਹ ਰਸਤੇ ’ਚ ਜੰਡਿਆਲਾ ਗੁਰੂ ਵਿਖੇ ਇੱਕ ਢਾਬੇ ਉੱਪਰ ਰੁਕੇ, ਜਿੱਥੇ ਉਨ੍ਹਾਂ ਖਾਣਾ-ਖਾਣ ਦੇ ਬਾਅਦ ਪੈਸੇ ਦੇਣ ਦੌਰਾਨ ਉਸ ਦਾ ਪਰਸ ਉਥੇ ਰਹਿ ਗਿਆ।
ਢਾਬਾ ਮਾਲਕ ਕੀਮਤੀ ਲਾਲ ਨੇ ਈਮਾਨਦਾਰੀ ਦੀ ਅਨੋਖੀ ਉਦਾਹਰਨ ਪੇਸ਼ ਕਰਦੇ ਹੋਏ ਆਪਣੇ ਸਾਥੀਆਂ ਬਹਾਦਰ ਸਿੰਘ, ਰਵੀ ਸਾਨੀ ਦੇ ਲੁਧਿਆਣਾ ਪਹੁੰਚ ਕੇ ਉਸਦਾ ਪਰਸ ਸਹੀ ਸਲਾਮਤ ਉਸਨੂੰ ਸੌਂਪ ਦਿੱਤਾ। ਪਰਸ ’ਚ ਕਰੀਬ 14-15 ਹਜ਼ਾਰ ਰੁਪਏ ਦੀ ਨਕਦੀ, ਏਟੀਐਮ ਸਮੇਤ ਹੋਰ ਜਰੂਰੀ ਕਾਗਜ਼ਾਤ ਮੌਜੂਦ ਸਨ। ਜੋ ਸਾਰਾ ਕੁਝ ਹੀ ਪਰਸ ’ਚ ਉਸੇ ਤਰ੍ਹਾ ਮੌਜੂਦ ਹੈ।
ਢਾਬਾ ਮਾਲਕ ਕੀਮਤੀ ਲਾਲ ਨੇ ਕਿਹਾ ਕਿ ਆਰਥਿਕ ਤੌਰ ’ਤੇ ਪਰਮਾਤਮਾ ਦੀ ਉਨ੍ਹਾਂ ਉੱਪਰ ਬਹੁਤ ਮਿਹਰ ਹੈ। ਇਸ ਲਈ ਉਹ ਆਪਣੇ ਹੱਕ ਹਲਾਲ ਦੀ ਕਮਾਈ ਨਾਲ ਹੀ ਆਪਣਾ ਤੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਆ ਰਹੇ ਹਨ। ਇਸ ਲਈ ਉਨ੍ਹਾਂ ਦੇ ਮਨ ਅੰਦਰ ਕਦੇ ਵੀ ਲਾਲਚ ਨਹੀਂ ਆਇਆ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕ ਆਪਣੇ ਮਹਿੰਗੇ ਮੋਬਾਇਲ ਫੋਨ ਅਤੇ ਹੋਰ ਸਮਾਨ ਭੁੱਲ ਚੁੱਕੇ ਹਨ, ਜੋ ਅਸਲ ਮਾਲਕਾਂ ਤੱਕ ਸਹੀ ਸਲਾਮਤ ਪਹੁੰਚਦਾ ਰਿਹਾ ਹੈ।