Connect with us

ਪੰਜਾਬੀ

ਡਿਪਟੀ ਕਮਿਸ਼ਨਰ ਵੱਲੋਂ ‘ਸਵੱਛਤਾ ਹੀ ਸੇਵਾ’ ਮੁਹਿੰਮ ਅਧੀਨ ਫੇਜ਼-2 ਦੀ ਸ਼ੁਰੂਆਤ

Published

on

Deputy Commissioner launched phase-2 under 'Swachhta Hi Seva' campaign

ਲੁਧਿਆਣਾ :  ਪਿੰਡਾਂ ਵਿੱਚ ਸਵੱਛਤਾ ਦਾ ਸੁਨੇਹਾ ਫੈਲਾਉਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵੱਲੋਂ ‘ਸਵੱਛਤਾ ਹੀ ਸੇਵਾ’ ਅਧੀਨ ਫੇਜ਼-2 ਦੀ ਸ਼ੁਰੂਆਤ ਕਰਦਿਆਂ ਗ੍ਰਾਮ ਸਭਾਵਾਂ ਰਾਹੀਂ ਕੂੜੇ ਦੇ ਡੰਪ, ਛੱਪੜਾਂ ਦੀ ਸਫ਼ਾਈ ਕਰਨ ਤੋਂ ਇਲਾਵਾ ਲੋਕਾਂ ਨੂੰ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਪ੍ਰਤੀ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕੀਤੀ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀਮਤੀ ਮਲਿਕ ਨੇ ਦੱਸਿਆ ਕਿ ਅਗਲੇ 15 ਦਿਨਾਂ ਤੱਕ ਸਵੱਛਤਾ ਅਤੇ ਜਨ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ, ਜਿਸ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਗਤੀਵਿਧੀਆਂ ਦੀ ਨਿਗਰਾਨੀ ਲਈ ਨੋਡਲ ਏਜੰਸੀ ਵਜੋਂ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੀ ਸਵੱਛਤਾ ਹੀ ਸੇਵਾ ਪਿੰਡਾਂ ਵਿੱਚ ਵਿਰਾਸਤੀ ਰਹਿੰਦ-ਖੂੰਹਦ ਦੇ ਪ੍ਰਬੰਧਨ ‘ਤੇ ਕੇਂਦਰਿਤ ਹੈ। ਉਨ੍ਹਾਂ ਦੱਸਿਆ 10 ਪਿੰਡਾਂ ਦਾ ਇੱਕ ਸਮੂਹ ਬਣਾਇਆ ਗਿਆ ਹੈ ਜਿਸ ਵੱਲੋਂ ਵੱਖ-ਵੱਖ ਗਤੀਵਿਧੀਆਂ ਚਲਾਈਆਂ ਜਾਣਗੀਆਂ ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਲੋਕ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਰੱਖਣ ਲਈ ਪ੍ਰਸ਼ਾਸਨ ਦੇ ਸਹਿਯੋਗੀ ਬਣ ਸਕਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪ੍ਰਸ਼ਾਸਨ, ਪੰਚਾਇਤਾਂ ਦੇ ਪੇਂਡੂ ਵਿਕਾਸ ਵਿਭਾਗ ਅਤੇ ਹੋਰ ਭਾਗੀਦਾਰਾਂ, ਗ੍ਰਾਮ ਪੰਚਾਇਤਾਂ ਦੇ ਸਮੂਹਿਕ ਯਤਨਾਂ ਨਾਲ ਸਵੱਛਤਾ ਹੀ ਸੇਵਾ ਮੁਹਿੰਮ ਨੂੰ ਸਫਲ ਬਣਾਉਣ ਲਈ ਪੂਰੀ ਵਾਹ ਲਾਈ ਜਾਵੇਗੀ ਅਤੇ ਆਸ ਪ੍ਰਗਟਾਈ ਕਿ ਲੁਧਿਆਣਾ ਦੇ ਪਿੰਡ ਜਲਦ ਹੀ ਸਵੱਛ, ਹਰੇ ਭਰੇ ਅਤੇ ਪ੍ਰਦੂਸ਼ਣ ਮੁਕਤ ਬਣ ਕੇ ਉਭਰਨਗੇ।

ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਨੇ ਵੀ ਓ.ਡੀ.ਐਫ. ਸ਼੍ਰੇਣੀ ਦੀ ਸੂਚੀ ਵਿੱਚ ਹੋਰ ਪਿੰਡਾਂ ਨੂੰ ਸ਼ਾਮਲ ਕਰਨ ‘ਤੇ ਜ਼ੋਰ ਦਿੱਤਾ ਜੋ ਕਿ ਮੁਹਿੰਮ ਦੇ ਮੁੱਖ ਹਿੱਸਿਆਂ ਵਿੱਚੋਂ ਇੱਕ ਸੀ। ਇਸ ਮੌਕੇ ਕਾਰਜਕਾਰੀ ਇੰਜਨੀਅਰ ਜਸਕਰਨ ਸਿੰਘ, ਰਾਏ ਵਰਿੰਦਰ ਸਿੰਘ, ਮਨਦੀਪ ਸਿੰਘ ਅਤੇ ਸਿੱਖਿਆ ਤੇ ਪ੍ਰੋਗਰਾਮ ਦਫ਼ਤਰ ਦੇ ਅਧਿਕਾਰੀ ਵੀ ਹਾਜ਼ਰ ਸਨ।

Facebook Comments

Trending