ਲੁਧਿਆਣਾ : ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-68 ਦਾਖਾ-ਕਮ-ਉਪ ਮੰਡਲ ਅਫ਼ਸਰ ਪੱਛਮੀ ਲੁਧਿਆਣਾ ਨੇ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਿੰਡ ਬੱਲੋਵਾਲ ਵਿਚ ਮੁਲਖ ਰਾਜ ਨਾਂਅ ਦੇ ਡੀਪੂ ਹੋਲਡਰ ਦਾ ਲਾਇਸੰਸ ਰੱਦ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਉਕਤ ਡੀਪੂ ਹੋਲਡਰ ਨੇ ਸਰਕਾਰੀ ਰਾਸ਼ਨ ਪਿੰਡ ਬੱਲੋਵਾਲ ਵਿਚ ਸਰਕਾਰੀ ਜਗ੍ਹਾ ਵਿਚ ਰੱਖਣ ਦੀ ਬਜਾਏ, ਕਿਸੇ ਨਿੱਜੀ ਜਗ੍ਹਾ ‘ਤੇ ਰੱਖਿਆ ਹੋਇਆ ਸੀ, ਜਿਸ ਸਬੰਧੀ ਕਿਸੇ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਪਰ ਉਸ ਇਲਾਕੇ ਵਿਚ ਤਾਇਨਾਤ ਸਿਵਲ ਸਪਲਾਈ ਵਿਭਾਗ ਦਾ ਇੰਸਪੈਕਟਰ ਸੰਦੀਪ ਸਿੰਘ ਡੀਪੂ ਹੋਲਡਰ ਕੋਲੋਂ ਸਰਕਾਰੀ ਰਾਸ਼ਨ ਨਿੱਜੀ ਜਗ੍ਹਾ ਤੋਂ ਚੁਕਵਾ ਕੇ ਸਰਕਾਰੀ ਜਗ੍ਹਾ ਵਿਚ ਰਖਵਾਉਣ ਲਈ ਮੌਕੇ ‘ਤੇ ਢੁੱਕਵੀਂ ਕਾਰਵਾਈ ਕਰਨ ਤੋਂ ਅਸਮਰੱਥ ਰਿਹਾ, ਜਦ ਕਿ ਬਾਅਦ ਵਿਚ ਐਫ.ਐਸ.ਟੀ. ਟੀਮ ਨੇ ਜਾ ਕੇ ਸਰਕਾਰੀ ਰਾਸ਼ਨ ਸਰਕਾਰੀ ਧਰਮਸ਼ਾਲਾ ਵਿਚ ਰੱਖਵਾਇਆ।
ਸਰਕਾਰ ਰਾਸ਼ਨ ਸਰਕਾਰੀ ਜਗ੍ਹਾ ਵਿਚ ਰਖਵਾਉਣ ਲਈ ਆਪਣੀ ਜਿੰਮੇਵਾਰੀ ਠੀਕ ਤਰ੍ਹਾਂ ਨਾਲ ਨਾ ਨਿਭਾਉਣ ਬਦਲੇ ਇੰਸਪੈਕਟਰ ਸੰਦੀਪ ਸਿੰਘ ਵਿਰੁੱਧ ਵੀ ਵਿਭਾਗੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ, ਜਦਕਿ ਜ਼ਿਲ੍ਹਾ ਕੰਟਰੋਲਰ ਖੁਰਾਕ, ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ ਲੁਧਿਆਣਾ ਨੂੰ ਤਾੜਨਾ ਕੀਤੀ ਗਈ ਹੈ।
ਐਨ.ਐਫ.ਐਸ.ਏ. ਐਕਟ ਅਧੀਨ ਸਰਕਾਰੀ ਰਾਸ਼ਨ ਦੀ ਸਪਲਾਈ ਕਾਨੂੰਨ ਅਨੁਸਾਰ ਸੁਨਿਸ਼ਚਿਤ ਕਰਨ ਦੀ ਹਿਦਾਇਤ ਕੀਤੀ ਤਾਂ ਜੋ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਨਾ ਹੋ ਸਕੇ। ਚੋਣ ਰਜਿਸਟ੍ਰੇਸ਼ਨ ਅਫ਼ਸਰ-68 ਦਾਖਾ ਵਲੋਂ ਉਕਤ ਮਾਮਲੇ ਨੂੰ ਲੈ ਕੇ ਆਪਣੀ ਰਿਪੋਰਟ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੂੰ ਭੇਜ ਦਿੱਤੀ ਗਈ ਹੈ।