ਲੁਧਿਆਣਾ : ਪੰਜਾਬ – ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਦਿੱਤੇ ਸੱਦੇ ਤਹਿਤ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਲੁਧਿਆਣਾ ਦੀ ਅਗਵਾਈ ਵਿਚ ਕੱਚੇ/ਪੱਕੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਦੇ ਫੋਕੇ ਵਾਅਦਿਆਂ ਦੀਆਂ ਕਾਪੀਆਂ ਸਾੜ ਕੇ ਜਬਰਦਸਤ ਮੁਜਾਹਰਾ ਕੀਤਾ।
ਇਸ ਮੌਕੇ ਆਗੂਆਂ ਸੁਖਵਿੰਦਰ ਸਿੰਘ ਲੀਲ੍ਹ ਅਤੇ ਰਜਿੰਦਰ ਜੰਡਿਆਲੀ ਨੇ ਕਿਹਾ ਕਿ ਸਰਕਾਰ ਵਲੋਂ 37 ਦੇ ਕਰੀਬ ਭੱਤੇ ਕੱਟ ਕੇ, ਪੁਰਾਣੀ ਪੈਨਸ਼ਨ ਨਾ ਬਹਾਲ ਕਰਕੇ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕਰਕੇ ਧੋਖਾ ਕੀਤਾ ਹੈ। ਇਸ ਮੌਕੇ ਸਰਕਾਰ ਪ੍ਰਤੀ ਰੋਸ ਜਾਹਰ ਕਰਦਿਆਂ ਮੁਲਾਜ਼ਮਾਂ ਵਲੋਂ ਨਾਅਰੇਬਾਜ਼ੀ ਕੀਤੀ ਗਈ ਅਤੇ ਲੋਹੜੀ ਬਾਲਣ ਦੀ ਥਾਂ ਸਰਕਾਰ ਦੇ ਲੰਗੜੇ ਤਨਖਾਹ ਕਮਿਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ।
ਇਸ ਮੌਕੇ ਪੰਜਾਬ ਸਰਕਾਰ ਵਲੋਂ 36,000 ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਨਾ ਕਰਨ ਦੀ ਮਾਰੂ ਨੀਤੀ ਦੀ ਆਲੋਚਨਾ ਕੀਤੀ ਗਈ। ਇਸ ਮੌਕੇ ਮੁਲਾਜ਼ਮ ਆਗੂਆਂ ਨੇ ਆਖਿਆ ਕਿ ਉਹ ਚੋਣਾਂ ਦੌਰਾਨ ਮੁਹਿੰਮ ਚਲਾ ਕੇ ਸਰਕਾਰ ਦੁਆਰਾ ਕੱਚੇ ਮੁਲਾਜ਼ਮਾਂ ਅਤੇ ਮਾਣ-ਭੱਤਾ ਵਰਕਰਾਂ ਸਮੇਤ ਵਿਭਾਗਾਂ ਦੇ ਹੋਰ ਵਰਗਾਂ ਨਾਲ ਕੀਤੀ ਵਾਅਦਾ ਖ਼ਿਲਾਫ਼ੀ ਦੀ ਪੋਲ ਖੋਲਣਗੇ।