ਲੁਧਿਆਣਾ : ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀ.ਐਸ.ਐਮ.ਐਸ.ਯੂ.) ਵੱਲੋਂ ਜਾਰੀ ਹੜਤਾਲ 12ਵੇਂ ਦਿਨ ਵਿੱਚ ਸ਼ਾਮਲ ਹੋ ਗਈ ਹੈ ਜਿਸ ਤਹਿਤ ਪੀ.ਡਬਲਯੂ.ਡੀ. ਕੰਪਲੈਕਸ ਵਿਖੇ ਧਰਨਾ ਅਤੇ ਰੋਸ ਮੁਜਾਹਰਾ ਕੀਤਾ ਗਿਆ । ਇਸ ਧਰਨੇ ਦੌਰਾਨ ਜਿਲ੍ਹਾ ਲੁਧਿਆਣਾ ਦੇ 34 ਤੋਂ ਵੱਧ ਵਿਭਾਗਾਂ ਵੱਲੋਂ ਆਪਣੀ ਹਾਜ਼ਰੀ ਲਗਾਈ ਗਈ । ਇਸ ਕਮੇਟੀ ਵਿੱਚ ਡਿਪਲੋਮਾਂ ਇੰਜੀਨੀਅਰਜ਼ ਐਸੋਸੀਏਸ਼ਨ ਅਤੇ ਡਰਾਇੰਗ ਕੇਡਰ ਪੰਜਾਬ ਤੋਂ ਹਰਜਿੰਦਰ ਪਾਲ ਅਤੇ ਜੰਗ ਜਸਬੀਰ ਸਿੰਘ ਗਿੱਲ ਨੇ ਸੰਬੋਧਤ ਕੀਤਾ।
ਇਸ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਲੁਧਿਆਣਾ ਪੱਛਮੀ ਤੋਂ ਆਪ ਵਿਧਾਇਕ ਸ਼੍ਰੀ ਗੁਰਪ੍ਰੀਤ ਸਿੰਘ ਗੋਗੀ ਬੱਸੀ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ਅਤੇ ਉਹਨਾਂ ਵੱਲੋਂ ਮੰਨਿਆ ਗਿਆ ਕਿ ਮੁਲਾਜ਼ਮਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ, ਜਿਸ ਸਬੰਧੀ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਜਲਦ ਹੀ ਜੱਥੇਬੰਦੀ ਦੇ ਪੰਜ ਨੁਮਾਇੰਦਿਆਂ ਦੇ ਵਫਦ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਕਰਵਾਈ ਜਾਵੇਗੀ ਅਤੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਵਾਇਆ ਜਾਵੇਗਾ ।
ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਚੱਲ ਰਹੀ ਹੜਤਾਲ ਦੌਰਾਨ ਆਮ ਜਨਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਅਤੇ ਜਨਤਾ ਦਾ ਕੰਮ ਰੁਕਿਆ ਹੋਇਆ ਹੈ । ਇਸ ਲਈ ਇਸ ਮਸਲੇ ਦਾ ਜਲਦ ਤੋਂ ਜਲਦ ਹੱਲ ਹੋਣਾ ਚਾਹੀਦਾ ਹੈ । ਧਰਨੇ ਦੌਰਾਨ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੱਲੋਂ ਕਿਹਾ ਗਿਆ ਕਿ ਇਹ ਹੜਤਾਲ 11ਵੇਂ ਦਿਨ ਵਿੱਚ ਜਾਣ ਦਾ ਮੁੱਖ ਕਾਰਨ ਆਈ.ਏ.ਐੱਸ.ਅਧਿਕਾਰੀ ਹਨ । ਇਸ ਦੌਰਾਨ ਪੀ.ਐੱਸ.ਐੱਮ.ਐੱਸ.ਯੂ. ਲੁਧਿਆਣਾ ਦੀ ਜੱਥੇਬੰਦੀ ਵੱਲੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੂੰ ਮੰਗ ਪੱਤਰ ਸੋਂਪਿਆ ਗਿਆ ।