ਲੁਧਿਆਣਾ : ਪਿਛਲੇ ਦਿਨੀਂ ਮੀਂਹ ਅਤੇ ਗੜ੍ਹੇਮਾਰੀ ਕਾਰਨ ਹੋਏ ਫਸਲਾਂ ਦੇ ਉਜਾੜੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕਰਵਾਈ ਜਾ ਰਹੀ ਗਿਰਦਾਵਰੀ ਦੇ ਕੰਮ ਵਿਚ ਤੇਜ਼ੀ ਲਿਆਉਣ ਦੀ ਕਿਸਾਨ ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ। ਮੰਗਲਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਵਫ਼ਦ ਐੱਸਡੀਐੱਮ ਨੂੰ ਉਨਾ ਦੇ ਦਫ਼ਤਰ ਵਿਚ ਮਿਲਿਆ।
ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ‘ਚ ਮਿਲੇ ਵਫਦ ਨੇ ਉਪਮੰਡਲ ਅਧਿਕਾਰੀ ਤੋਂ ਮੰਗ ਕੀਤੀ ਕਿ ਬੀਤੇ ਦਿਨੀਂ ਭਾਰੀ ਬਾਰਿਸ਼ ਤੇ ਗੜੇਮਾਰੀ ਕਾਰਨ ਜਗਰਾਓਂ, ਸਿੱਧਵਾਂ ਬੇਟ ਬਲਾਕ ਦੇ ਦਰਜਨਾਂ ਪਿੰਡਾਂ ‘ਚ ਫਸਲ ਖ਼ਾਸ ਕਰਕੇ ਆਲੂਆਂ ਦੇ ਖਰਾਬੇ ਦੀ ਗਿਰਦਾਵਰੀ ਦੇ ਕੰਮ ‘ਚ ਤੇਜੀ ਲਿਆਂਦੀ ਜਾਵੇ।
ਵਫਦ ਨੇ ਪਿੰਡ ਮੱਲਾ ਦੇ ਪੀੜਤ ਕਿਸਾਨਾਂ ਦੇ ਹਲਫੀਆ ਬਿਆਨ ਅਤੇ ਅਗਵਾੜ ਲੋਪੋ ਦੇ ਪੀੜ੍ਹਤ ਕਿਸਾਨਾਂ ਦੇ ਨਾਵਾਂ ਦੀ ਸੂਚੀ ਐੱਸਡੀਐੱਮ ਨੂੰ ਪੇਸ਼ ਕਰਦਿਆਂ ਪਿੰਡ ਮੱਲਾ ਦੀ ਜ਼ਮੀਨ ਮਾਲ ਮਹਿਕਮੇ ਦੇ ਕਾਗਜ਼ਾਂ ਚ ਨਾ ਬੋਲਦੀ ਹੋਣ ਕਾਰਨ ਕਿਸਾਨਾਂ ਦੇ ਨੁੁਕਸਾਨ ਦੀ ਪੂਰਤੀ ਲਈ ਵੀ ਯੋਗ ਕਦਮ ਉਠਾਏ ਜਾਣ ਦੀ ਮੰਗ ਕੀਤੀ।
ਵਫਦ ਨੇ ਪਿੰਡ ਮੱਲਾ ਦੇ ਕਿਸਾਨਾਂ ਦੇ ਕਰਜੇ ਬੀਤੇ ਸਮੇਂ ਚ ਰੱਦ ਹੋਣ ਦੇ ਪੱਤਰ ਦੀ ਨਕਲ ਵੀ ਉਪ ਮੰਡਲ ਅਫਸਰ ਨੂੰ ਸੌਂਪਦਿਆਂ ਪੀੜਤ ਕਿਸਾਨਾਂ ਨੂੰ ਉਸੇ ਤਰਾਂ ਆਲੂਆਂ ਤੇ ਫਸਲਾਂ ਦੇ ਖਰਾਬੇ ਦਾ ਮੁੁਆਵਜ਼ਾ ਜਾਰੀ ਕਰਨ ਦੀ ਜ਼ੋਰਦਾਰ ਮੰਗ ਕੀਤੀ।