ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਡੀਨ ਖੇਤੀਬਾੜੀ ,ਪ੍ਰਸਿੱਧ ਕਾਲਮ ਨਵੀਸ ਤੇ ਲੇਖਕ ਡਾ. ਰਣਜੀਤ ਸਿੰਘ ਦੀ ਪੁਸਤਕ ਲੋਕ ਰਾਜ ਸਿਰਜਕ ਲੋਕ ਨਾਇਕ ਬੰਦਾ ਸਿੰਘ ਬਹਾਦਰ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਲੋਕ ਅਰਪਨ ਕੀਤੀ ਗਈ। ਇਸ ਮੌਕੇ ਪੰਜਾਬ ਆਰਟ ਕੌਂਸਲ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਡਾ. ਰਣਜੀਤ ਸਿੰਘ ਨੂੰ ਪੁਸਤਕ ਲਈ ਵਧਾਈ ਦਿੰਦਿਆਂ ਆਖਿਆ ਕਿ ਬਾਬਾ ਬੰਦਾ ਸਿੰਘ ਜੀ ਦੀ ਜੀਵਨੀ ਲਿਖ ਕੇ ਬਹੁਤ ਹੀ ਵਧੀਆ ਕਾਰਜ ਕੀਤਾ ਹੈ।
ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੇ ਮਹਾਂਨਾਇਕ ਹੋਏ ਹਨ ਜਿਨ੍ਹਾਂ ਨੇ ਸਦੀਆਂ ਤੋਂ ਗੁਲਾਮੀ ਭੋਗਦੇ ਲੋਕਾਂ ਨੂੰ ਜਾਗ੍ਰਿਤ ਕੀਤਾ ਤੇ ਆਜ਼ਾਦੀ ਦਾ ਪਾਠ ਪੜ੍ਹਾਇਆ। ਜਦੋਂ ਨਿਮਾਣੇ ਤੇ ਲਿਤਾੜੇ ਹੋਏ ਲੋਕਾਂ ਨੇ ਬਾਬਾ ਜੀ ਦੀ ਅਗਵਾਈ ਹੇਠ ਹਥਿਆਰ ਚੁੱਕੇ ਤਾਂ ਸੰਸਾਰ ਦੀ ਸਭ ਤੋਂ ਵੱਡੀ ਸਮਝੀ ਜਾਂਦੀ ਮੁਗਲ ਸਲਤਨਤ ਨੂੰ ਜੜ੍ਹੋਂ ਉਖਾੜ ਦਿੱਤਾ। ਉਨ੍ਹਾਂ ਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਕੇ ਸਰਦਾਰੀਆਂ ਦੀ ਬਖਸ਼ਿਸ਼ ਕੀਤੀ। ਇਕ ਅਜੇਹੇ ਰਾਜ ਦੀ ਸਥਾਪਨਾ ਕੀਤੀ ਜਿਸ ਦਾ ਖਾਕਾ ਦਸ਼ਮੇਸ਼ ਪਿਤਾ ਨੇ ਉਲੀਕਿਆ ਸੀ।
ਇਸ ਮੌਕੇ ਪੰਜਾਬੀ ਵਿਰਾਸਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਗਿੱਲ ਨੇ ਆਖਿਆ ਕਿ ਸਾਮਰਾਜੀ ਤਾਕਤਾਂ ਨੇ ਪੰਜਾਬ ਦੇ ਇਸ ਮਹਾਨ ਨਾਇਕ ਦੀ ਕੀਰਤੀ ਨੂੰ ਛੁਪਾ ਕੇ ਲੋਕਾਂ ਵਿਚ ਗਲਤ ਪ੍ਰਚਾਰ ਕੀਤਾ। ਜਿਸ ਕਰਕੇ ਪੰਜਾਬੀ ਆਪਣੇ ਇਸ ਮਹਾਨ ਨਾਇਕ ਤੋਂ ਦੂਰ ਰਹੇ। ਬਾਬਾ ਬੰਦਾ ਸਿੰਘ ਬਹਾਦਰ ਅਜਿਹੇ ਯੁਗ ਨਾਇਕ ਹਨ ਜਿਨ੍ਹਾਂ ਨੇ ਸਦੀਆਂ ਤੋਂ ਲਿਤਾੜੇ ਲੋਕਾਂ ਨੂੰ ਉਨ੍ਹਾਂ ਦੀ ਤਾਕਤ ਤੋਂ ਜਾਣੂ ਕਰਵਾਇਆ ਤੇ ਅਣਖ ਨਾਲ ਜੀਉਣਾ ਸਿਖਾਇਆ।