ਲੁਧਿਆਣਾ : ਲੁਧਿਆਣਾ ਪੂਰਬੀ ਦੇ ਵਿਧਾਇਕ ਸ੍ਰੀ ਸੰਜੇ ਤਲਵਾੜ ਵੱਲੋਂ ਲੋਕਾ ਨੂੰ ਸਾਫ-ਸੁਥਰਾ ਸੁਰੱਖਿਅਤ ਮਾਹੌਲ ਦੇਣ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆ ਜਾਂਦੀਆ ਵੱਖ-ਵੱਖ ਵਾਰਦਾਤਾ ਨੂੰ ਰੋਕਣ ਲਈ ਕੀਤੇ ਜਾ ਰਹੇ ਉੱਪਰਾਲਿਆ ਦੇ ਤਹਿਤ ਅੱਜ ਹਲਕਾ ਪੂਰਬੀ ਵਿੱਚ ਪੈਂਦੇ ਸੁਭਾਸ਼ ਨਗਰ ਮੁੱਹਲੇ ਵਿੱਚ ਸਥਾਪਤ ਸ਼ਮਸਾਨ ਘਾਟ ਦੇ ਕੋਲ ਟਿੱਬਾ ਥਾਣੇ ਦੇ ਅਧੀਨ ਇੱਕ ਨਵੀ ਪੁਲਿਸ ਚੌਂਕੀ ਬਣਾਕੇ ਜਨਤਾ ਨੂੰ ਸਮਰਪਿਤ ਕੀਤੀ ਅਤੇ ਟਿੱਬਾ ਥਾਣੇ ਦੀ ਬਣੀ ਹੋਈ ਪੁਰਾਣੀ ਅਤੇ ਛੋਟੀ ਬਿਲਡਿੰਗ ਵਿੱਚ ਸੁਧਾਰ ਕਰਕੇ ਇਸ ਦੇ ਨਾਲ ਨਵੀ ਬਿਲਡਿੰਗ ਬਨਾਉਣ ਦਾ ਨੀਹ ਪੱਥਰ ਰੱਖਿਆ ਗਿਆ।
ਇਹ ਨੀਹ ਪੱਥਰ ਵਿਧਾਇਕ ਸ੍ਰੀ ਸੰਜੇ ਤਲਵਾੜ, ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ., ਸੰਯੁਕਤ ਪੁਲਿਸ ਕਮਿਸ਼ਨਰ ਸ.ਰਵਚਰਨ ਸਿੰਘ ਬਰਾੜ ਪੀ.ਪੀ.ਐਸ ਵੱਲੋਂ ਆਪਣੇ ਕਰ ਕਮਲਾ ਨਾਲ ਰੱਖਿਆ ਗਿਆ। ਇਸ ਤੋਂ ਇਲਾਵਾ ਹਲਕਾ ਪੂਰਬੀ ਵਿੱਚ ਪੈਂਦੇ ਵੱਖ-ਵੱਖ ਵਾਰਡਾ ਦੇ ਮੁੱਖ ਚੌਕਾਂ ਅਤੇ ਸੜਕਾਂ ਤੇ ਲੱਗਣ ਵਾਲੇ ਕੈਮਰਿਆ ਦਾ ਉਦਘਾਟਨ ਵੀ ਕੀਤਾ ਗਿਆ।
ਇਸ ਮੌਕੇ ਵਿਧਾਇਕ ਸ੍ਰੀ ਸੰਜੇ ਤਲਵਾੜ ਨੇ ਦੱਸਿਆ ਕਿ ਟਿੱਬਾ ਥਾਣੇ ਅਧੀਨ ਕਾਫੀ ਜਿਆਦਾ ਮੁੱਹਲੇ ਪੈਂਦੇ ਹਨ ਜਿਸ ਕਰਕੇ ਇਸ ਇਲਾਕੇ ਵਿੱਚ ਸ਼ਰਾਰਤੀ ਅਨਸਰ ਵੱਖ-ਵੱਖ ਤਰਾਂ੍ਹ ਦੀਆ ਵਾਰਦਾਤਾਂ ਕਰਨ ਵਿੱਚ ਕਾਫੀ ਸਰਗਰਮ ਰਹਿੰਦੇ ਸਨ ਅਤੇ ਇਲਾਕੇ ਦਾ ਵਿਸਥਾਰ ਜ਼ਿਆਦਾ ਹੋਣ ਕਰਕੇ ਪੁਲਿਸ ਦੇ ਅੱਕਸ ਨੂੰ ਵੀ ਢਾਹ ਲੱਗਦੀ ਸੀ ਕਿਉਕਿ ਅਪਰਾਧੀ ਇਸ ਗੱਲ ਤੋਂ ਜਾਣੂੰ ਸਨ ਕਿ ਪੁਲਿਸ ਨੂੰ ਉਨ੍ਹਾਂ ਕੋਲ ਪਹੁੰਚਣ ਵਿੱਚ ਸਮਾਂ ਲੱਗੇਗਾ, ਜਿਸ ਕਰਕੇ ਉਹ ਵਾਰਦਾਤ ਨੂੰ ਬੜੀ ਅਸਾਨੀ ਨਾਲ ਅੰਜਾਮ ਦੇ ਕੇ ਭੱਜ ਜਾਂਦੇ ਸਨ ਅਤੇ ਜਨਤਾ ਵਿੱਚ ਕਾਫੀ ਡਰ ਦਾ ਮਾਹੌਲ ਬਣਿਆ ਰਹਿੰਦਾ ਸੀ।
ਉਨ੍ਹਾਂ ਦੱਸਿਆ ਕਿ ਹਲਕਾ ਪੂਰਬੀ ਵਿੱਚ ਅੱਜ ਲੱਗਭਗ 75 ਲੱਖ ਰੁੱਪਏ ਦੀ ਲਾਗਤ ਨਾਲ ਨਵੇਂ ਕੈਮਰੇ ਲਗਾਉਣ ਦਾ ਕੰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾ ਵੀ ਸ਼ਰਾਰਤੀ ਅਨਸਰਾ ‘ਤੇ ਕਾਬੂ ਪਾਉਣ ਲਈ ਹਲਕਾ ਪੂਰਬੀ ਵਿੱਚ ਲੱਗਭਗ 400 ਨਵੇਂ ਕੈਮਰੇ ਲਗਵਾਏ ਜਾ ਰਹੇ ਹਨ, ਜਿਨਾਂ੍ਹ ਦਾ ਕੰਮ ਵੀ ਛੇਤੀ ਹੀ ਪੂਰਾ ਹੋ ਜਾਵੇਗਾ. ਹਲਕਾ ਪੂਰਬੀ ਵਿੱਚ ਲੱਗ ਰਹੇ ਇਨਾਂ੍ਹ 400 ਕੈਮਰਿਆ ਦਾ ਕੰਟਰੋਲ ਵੀ ਪੁਲਿਸ ਵਿਭਾਗ ਕੋਲ ਹੀ ਰਹੇਗਾ।