ਲੁਧਿਆਣਾ : ਪੋ੍ਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਵੱਲੋਂ ਦੁੱਧ ਦੇ ਘੱਟ ਰੇਟ ਨੂੰ ਲੈ ਕੇ ਸੜਕਾਂ ‘ਤੇ ਉਤਰਨ ਦਾ ਫੈਸਲਾ ਕੀਤਾ ਗਿਆ। ਪੀਡੀਐੱਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ਹੇਠ ਜਥੇਬੰਦੀ ਦੀ ਮੀਟਿੰਗ ‘ਚ ਪਿਛਲੇ ਲੰਮੇਂ ਸਮੇਂ ਤੋਂ ਡੇਅਰੀ ਧੰਦੇ ‘ਤੇ ਛਾਏ ਸੰਕਟ ਨੂੰ ਲੈ ਕੇ ਗਹਿਰੀ ਚਿੰਤਾ ਪ੍ਰਗਟ ਕੀਤੀ ਗਈ।
ਉਨਾਂ ਕਿਹਾ ਕਿ ਇਕ ਪਾਸੇ ਡੇਅਰੀ ਕਿੱਤੇ ‘ਚ ਵੱਧ ਰਿਹਾ ਖ਼ਰਚਾ ਦੁੱਧ ਉਤਪਾਦਕ ਦੀ ਕਮਰ ਤੋੜ ਰਿਹਾ ਹੈ, ਦੂਸਰੇ ਪਾਸੇ ਕੋਵਿਡ ਕਾਰਨ ਦੁੱਧ ਦੇ ਘਟੇ ਰੇਟ ਡੇਅਰੀ ਕਿੱਤੇ ਲਈ ਖ਼ਤਰੇ ਦੀ ਘੰਟੀ ਸਾਬਤ ਹੋ ਰਹੇ ਹਨ। ਮੀਟਿੰਗ ‘ਚ ਸੂਬਾ ਪੱਧਰੀ ਜਥੇਬੰਦੀ ਨੇ ਇਸ ਨੂੰ ਗੰਭੀਰ ਮੁੱਦਾ ਬਣਦਿਆਂ ਕਿਹਾ ਕਿ ਘਾਟੇ ਦੌਰਾਨ ਵੀ ਦੁੱਧ ਉਤਪਾਦਕਾਂ ਨੇ ਮਿਲਕਫੈਡ ਦੇ ਨਾਲ ਖੜ੍ਹਦਿਆਂ ਮੁਸੀਬਤ ਵੇਲੇ ਵੀ ਸਾਥ ਦਿੱਤਾ।
ਅੱਜ ਜਦੋਂ ਦੁੱਧ ਦੇ ਪ੍ਰਾਈਵੇਟ ਠੇਕੇਦਾਰਾਂ ਦੇ ਦੁੱਧ ਦੇ ਰੇਟ ਵੱਧਣ ਲੱਗੇ ਹਨ ਤਾਂ ਉਸ ਦੇ ਬਾਵਜੂਦ ਦੁੱਧ ਉਤਪਾਦਕਾਂ ਨੂੰ ਘਾਟੇ ‘ਚੋਂ ਕੱਢਣ ਲਈ ਕੋਈ ਉਪਰਾਲਾ ਨਾ ਕਰਨਾ, ਗ਼ਲਤ ਹੈ। ਜਥੇਬੰਦੀ ਨੇ ਫੈਸਲਾ ਕੀਤਾ ਕਿ ਜੇਕਰ 27 ਫਰਵਰੀ ਤਕ ਮਿਲਕਫੈਡ ਨੇ ਦੁੱਧ ਦੇ ਰੇਟ ਵਧਾਉਣ ਦਾ ਐਲਾਨ ਨਹੀਂ ਕੀਤਾ ਤਾਂ ਪੀਡੀਐੱਫਏ ਵੱਲੋਂ 1 ਮਾਰਚ ਤੋਂ ਸੰਘਰਸ਼ ਕੀਤਾ ਜਾਵੇਗਾ। ਉਨਾਂ ਇਸ ਸੰਘਰਸ਼ ਦੇ ਜਿੱਤ ਲਈ ਸੂਬੇ ਭਰ ਦੇ ਦੁੱਧ ਉਤਪਾਦਕਾਂ ਨੂੰ ਕਮਰ ਕਸ ਲੈਣ ਦੀ ਅਪੀਲ ਕੀਤੀ।
ਪੀਡੀਐੱਫਏ ਵੱਲੋਂ ਤਿੰਨ ਰੋਜ਼ਾ ਮਿਲਕਿੰਗ ਚੈਂਪੀਅਨਸ਼ਿਪ 28 ਫਰਵਰੀ ਤੋਂ 2 ਮਾਰਚ ਤਕ ਬੱਦੋਵਾਲ ਗਰਾਊਂਡ ‘ਚ ਕਰਵਾਈ ਜਾ ਰਹੀ ਹੈ। ਚੈਂਪੀਅਨਸ਼ਿਪ ‘ਚ ਦੁਧਾਰੂ ਪਸ਼ੂਆਂ ਦੇ ਦੁੱਧ ਚੁਆਈ ਦੇ ਮੁਕਾਬਲੇ ਹੋਣਗੇ ਅਤੇ ਜੇਤੂਆਂ ਨੂੰ ਇਨਾਮਾਂ ਨਾਲ ਨਿਵਾਜਿਆ ਜਾਵੇਗਾ।