ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਵਿਚ ਜਲੰਧਰ ਰੋਡ ‘ਤੇ ਬੁੱਢੇ ਦਰਿਆ ਉੱਪਰ ਅੰਗਰੇਜ਼ਾਂ ਵਲੋਂ ਪੁਲ ਬਣਾਇਆ ਗਿਆ ਸੀ, ਜੋ ਕਿ ਪਿਛਲੇ ਲੰਬੇ ਸਮੇਂ ਤੋਂ ਅਸੁਰੱਖਿਅਤ ਐਲਾਨ ਕੇ ਬੰਦ ਕਰ ਦਿੱਤਾ ਗਿਆ ਹੈ, ਖਸਤਾ ਹਾਲਤ ਵਾਲੇ ਪੁਲ ਉੱਪਰ 13 ਦਸੰਬਰ ਦਿਨ ਸੋਮਵਾਰ ਨੂੰ 11:30 ਵਜੇ ਹਲਕਾ ਉੱਤਰੀ ਦੇ ਮੁੱਦਿਆਂ ‘ਤੇ ਅਧਾਰਿਤ ਇਕ ਲਾਈਵ ਡਿਬੇਟ ਕਰਵਾਈ ਜਾਵੇਗੀ।
ਇਹ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਜਨਰਲ ਸਕੱਤਰ, ਕੋਰ ਕਮੇਟੀ ਮੈਂਬਰ ਤੇ ਵਿਧਾਨ ਸਭਾ ਹਲਕਾ ਉੱਤਰੀ ਦੇ ਇੰਚਾਰਜ ਰਣਧੀਰ ਸਿੰਘ ਸਿਵੀਆ ਨੇ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਉੱਤਰੀ ਤੋਂ ਪਹਿਲਾਂ ਰਹੇ ਨੁਮਾਇੰਦੇ ਤੇ ਚੋਣ ਲੜੇ ਉਮੀਦਵਾਰ ਅਤੇ ਹੁਣ ਲੜਨ ਜਾ ਰਹੇ ਉਮੀਦਵਾਰਾਂ ਨੂੰ ਇਸ ਵਿਚ ਸ਼ਾਮਿਲ ਹੋਣ ਲਈ ਖੁੱਲ੍ਹਾ ਸਦਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਇਸੇ ਪੁਲ ‘ਤੇ ਇਕ ਆਰਜੀ ਸਟੂਡੀਓ ਬਣਾਇਆ ਜਾਵੇਗਾ, ਜਿਸ ਦਾ ਪ੍ਰਬੰਧ ਲੋਕ ਇਨਸਾਫ ਪਾਰਟੀ ਵਲੋਂ ਕੀਤਾ ਜਾਵੇਗਾ।
ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਨੂੰ ਸਵਾਲ ਕੀਤੇ ਜਾਣਗੇ ਕਿ ਹਲਕਾ ਲੁਧਿਆਣਾ ਉੱਤਰੀ ਦੇ ਵਾਸੀਆਂ ਨੇ ਅਜਿਹੀ ਕਿਹੜੀ ਗਲਤੀ ਕੀਤੀ ਹੈ ਕਿ ਬਾਕੀ ਹਲਕਿਆਂ ਦੇ ਹਿਸਾਬ ਨਾਲ ਹਲਕਾ ਲੁਧਿਆਣਾ ਉੱਤਰੀ ਮੁੱਢਲੀਆਂ ਸਹੂਲਤਾਂ ਤੋਂ ਅੱਜ ਵੀ ਵਾਂਝਾ ਹੈ।