ਨਵੀਂ ਦਿੱਲੀ : ਦਿੱਲੀ ‘ਚ 1993 ਨੂੰ ਹੋਏ ਬੰਬ ਧਮਾਕਿਆਂ ‘ਚ ਫਾਂਸੀ ਦੀ ਸਜ਼ਾ ਪਾਉਣ ਵਾਲੇ ਦਵਿੰਦਰ ਸਿੰਘ ਭੁੱਲਰ ਅੱਜ ਯਾਨੀ ਬੁੱਧਵਾਰ ਨੂੰ ਜੇਲ੍ਹ ਤੋਂ ਰਿਹਾਅ ਹੋ ਸਕਦੇ ਹਨ। ਮਾਰਚ 2014 ‘ਚ ਸੁਪਰੀਮ ਕੋਰਟ ਨੇ ਭੁੱਲਰ ਦੀ ਮਾਨਸਿਕ ਸਥਿਤੀ ਨੂੰ ਦੇਖਦੇ ਹੋਏ ਸਜ਼ਾ ਏ ਮੌਤ ਨੂੰ ਉਮਰ ਕੈਦ ‘ਚ ਬਦਲ ਦਿੱਤਾ ਸੀ। ਭੁੱਲਰ ਤਿਹਾੜ ਜੇਲ੍ਹ ਦੇ ਕੈਦੀ ਹਨ ਪਰ ਸਿਹਤ ਕਾਰਨਾਂ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਜੇਲ੍ਹ ‘ਚ ਰੱਖਿਆ ਗਿਆ ਹੈ।
ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਰਹੀ। ਅਕਾਲੀ ਦਲ ਅਤੇ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਇਸ ਮੁੱਦੇ ‘ਤੇ ਜੰਮ ਕੇ ਘੇਰਿਆ ਸੀ। ਹਾਲਾਂਕਿ ‘ਆਪ’ ਇਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ‘ਤੇ ਪਾਉਂਦੀ ਰਹੀ।
ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਕੇ ਕਿਹਾ ਕਿ ਦਵਿੰਦਰ ਭੁੱਲ ਨੂੰ ਅੱਜ ਜੇਲ੍ਹ ਤੋਂ ਰਿਹਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,”ਭੁੱਲਰ ਉਨ੍ਹਾਂ 8 ਸਿੱਖ ਕੈਦੀਆਂ ‘ਚ ਸ਼ਾਮਲ ਸਨ, ਜਿਨ੍ਹਾਂ ਨੂੰ ਨਰਿੰਦਰ ਮੋਦੀ ਸਰਕਾਰ ਨੇ 11 ਅਕਤੂਬਰ 2019 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਸੀ।
ਹਾਲਾਂਕਿ ਕੇਜਰੀਵਾਲ ਸਰਕਾਰ ਨੇ ਆਪਣੀਆਂ ਰਾਜਨੀਤਕ ਮਜ਼ਬੂਰੀਆਂ ਕਾਰਨ ਉਨ੍ਹਾਂ ਨੂੰ ਨਹੀਂ ਛੱਡਿਆ। ਸਿਰਸਾ ਨੇ ਇਕ ਹੋਰ ਟਵੀਟ ‘ਚ ਕਿਹਾ,”ਅੱਜ ਸੇਂਟੇਂਸ ਰਿਵਿਊ ਕਮੇਟੀ ਦੀ ਮੀਟਿੰਗ ਹੈ। ਉਸ ‘ਚ ਰਿਹਾਈ ਲਈ ਦਵਿੰਦਰਪਾਲ ਭੁੱਲਰ ਦਾ ਵੀ ਨਾਮ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ‘ਚ ਲੋਕਾਂ ਨੇ ਕੇਜਰੀਵਾਲ ਅਤੇ ਭਗਵੰਤ ਮਾਨ ਤੋਂ ਸਵਾਲ ਪੁੱਛੇ ਤਾਂ ਉਨ੍ਹਾਂ ਨੂੰ ਇਸ ਸੰਬੰਧ ‘ਚ ਫ਼ੈਸਲਾ ਲੈਣ ਨੂੰ ਮਜ਼ਬੂਰ ਹੋਣਾ ਪਿਆ।