ਲੁਧਿਆਣਾ : ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੀ ਜ਼ਿਲ੍ਹਾ ਇਕਾਈ ਦੀ ਸਥਾਨਕ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ ਭਰਵੀਂ ਮੀਟਿੰਗ ਵਿੱਚ ਸਰਬਸੰਮਤੀ ਨਾਲ ਬਲਾਕ ਜਗਰਾਉਂ ਦੇ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਨੂੰ ਜੱਥੇਬੰਦੀ ਦੇ ਮੀਤ ਪ੍ਰਧਾਨ ਵਜੋਂ ਚੁਣ ਲਿਆ ਗਿਆ ਹੈ।
ਇਸ ਚੋਣ ਉਪਰੰਤ ਦਵਿੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜੱਥੇਬੰਦੀ ਦੀ ਮੈਂਬਰਸ਼ਿੱਪ ਅਤੇ ਜ਼ਿਲ੍ਹੇ ਦੇ ਸਕੂਲਾਂ, ਅਧਿਆਪਕਾਂ, ਵਿਦਿਆਰਥੀਆਂ ਦੇ ਵਿਆਪਕ ਹਿਤਾਂ ਅਤੇ ਸਮੱਸਿਆਵਾਂ ਸਬੰਧੀ ਖੁੱਲ੍ਹ ਕੇ ਚਰਚਾ ਕੀਤੀ ਗਈ। ਇਸ ਸਬੰਧ ਵਿੱਚ ਦਲਜੀਤ ਸਮਰਾਲਾ ਜ਼ਿਲ੍ਹਾ ਜਨਰਲ ਸਕੱਤਰ, ਮਨਜਿੰਦਰ ਚੀਮਾਂ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਜਦੋਂ ਕਿ 8 ਅਪ੍ਰੈਲ ਦੇ ਜਥੇਬੰਦੀ ਦੇ ਮੋਗਾ ਇਜਲਾਸ ਵਿੱਚ ਪਾਸ ਕੀਤੇ ਸੰਵਿਧਾਨ ਵਿੱਚ ਜਥੇਬੰਦੀ ਦੀਆਂ ਨਵੀਆਂ ਚੋਣਾਂ ਅਤੇ ਨਵੀਂ ਮੈਂਬਰਸ਼ਿੱਪ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਗਿਆ ਹੈ।
ਜ਼ਿਲ੍ਹਾ ਇਕਾਈ ਨੇ ਸੰਗਠਨ ਦੇ ਸੰਵਿਧਾਨ ਦੀਆਂ ਮੂਲ ਭਾਵਨਾਵਾਂ ਦਾ ਸੁਨੇਹਾ, ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੱਕ ਪਹੁੰਚਾਉਣ ਅਤੇ ਮੈਂਬਰਸ਼ਿੱਪ ਮੁਹਿੰਮ ਨੂੰ ਹਰ ਅਧਿਆਪਕ ਦੇ ਮਨ ਤੱਕ ਪਹੁੰਚਾਉਣ ਦੇ ਕੰਮ ਨੂੰ ਇਕ ਵੱਡੀ ਜ਼ਿੰਮੇਵਾਰੀ ਵਜੋਂ ਗ੍ਰਹਿਣ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਉਹ ਇਸ ਮੁਹਿੰਮ ਦੌਰਾਨ ਅਧਿਆਪਕਾਂ, ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਅਤੇ ਸਕੂਲ ਸੰਸਥਾਵਾਂ ਦੀਆਂ ਸਮੱਸਿਆਵਾਂ ਦਾ ਸਰਵੇਖਣ ਵੀ ਨਾਲੋ-ਨਾਲ ਕਰਨਗੇ।
ਜੱਥੇਬੰਦੀ ਇਸ ਮੁਹਿੰਮ ਦੌਰਾਨ ਜਮਹੂਰੀ ਕਦਰਾਂ-ਕੀਮਤਾਂ ਅਤੇ ਵਿਦਿਆਰਥੀ-ਅਧਿਆਪਕ ਵਿਆਪਕ ਹਿਤਾਂ ਉੱਤੇ ਡਟ ਕੇ ਪਹਿਰਾ ਦੇਵੇਗੀ। ਇਸ ਦੌਰਾਨ ਹਰਜੀਤ ਸੁਧਾਰ ਹਰਪਿੰਦਰ ਸ਼ਾਹੀ ਅਤੇ ਗਰਬਚਨ ਸਿੰਘ ਨੇ ਜੱਥੇਬੰਦੀ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਆਈ ਵਪਾਰ ਨੂੰ ਉਤਸ਼ਾਹਿਤ ਕਰਨ ਵਾਲੇ ਨਿਰਾਧਾਰ ਬੇਸਲਾਈਨ ਟੈਸਟ ਤੁਰੰਤ ਬੰਦ ਕੀਤੇ ਜਾਣ ਅਤੇ ਰੈਗੁਲਰ ਸਿੱਖਿਆ ਅਧਾਰਤ ਮੁਲਾਂਕਣ ਦੀ ਪ੍ਰਕਿਰਿਆ ਨੂੰ ਮੁੜ ਸੁਰਜੀਤ ਕੀਤਾ ਜਾਵੇ।