ਦਾਖਾ (ਲੁਧਿਆਣਾ ) : ਮੁੱਲਾਂਪੁਰ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦਾ ਪਿੰਡ ਬਾਸੀਆਂ ਬੇਟ ਪਹੁੰਚਣ ‘ਤੇ ਵੱਡੀ ਗਿਣਤੀ ‘ਚ ਇਕੱਠੇ ਹੋਏ ਵੋਟਰਾਂ ਅਤੇ ਸਪੋਟਰਾਂ ਨੇ ਫੁੱਲਾਂ ਦੀ ਵਰਖਾ ‘ਚ ਉਨਾਂ ਦਾ ਨਿੱਘਾ ਸਵਾਗਤ ਕੀਤਾ।
ਡਾਇਰੈਕਟਰ ਪਰੇਮ ਸਿੰਘ ਸੇਖੋ ਦੀ ਅਗਵਾਈ ਵਿੱਚ ਰੱਖੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਪਟਨ ਸੰਦੀਪ ਸੰਧੂ ਨੇ ਪਿੰਡ ਵੱਲੋਂ ਨਿੱਘੇ ਸਵਾਗਤ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਅੱਜ ਉਨਾਂ ਕੋਲ ਵੋਟ ਦੀ ਅਪੀਲ ਕਰਨ ਆਏ ਹਨ। ਉਨਾਂ ਦੇ ਰਿਪੋਰਟ ਕਾਰਡ ਤੋਂ ਇਲਾਕੇ ਦਾ ਬੱਚਾ ਬੱਚਾ ਜਾਣੂ ਹੈ। ਹਲਕੇ ਦੇ ਵਿਕਾਸ ਲਈ ਜੋ ਕੀਤਾ, ਉਸ ਦੀ ਤਸਵੀਰ ਸਾਰਿਆਂ ਦੇ ਸਾਹਮਣੇ ਹੈ।
20 ਫਰਵਰੀ ਨੂੰ ਉਨਾਂ ਵੱਲੋਂ ਉਨਾਂ ਨੂੰ ਵੋਟਾਂ ਪਾਉਣ ਦਾ ਮਤਲਬ ਸੂਬੇ ਵਿਚ ਕਾਂਗਰਸ ਦੀ ਬਣ ਰਹੀ ਸਰਕਾਰ ਵਿਚ ਹਿੱਸੇਦਾਰੀ ਪਾਉਣਾ ਹੈ। ਇਸੇ ਹਿੱਸੇਦਾਰੀ ਦੇ ਨਾਲ ਹੀ ਸਰਕਾਰ ਸਥਾਪਤ ਹੁੰਦੇ ਹੀ ਮੁੱਲਾਂਪੁਰ ਦਾਖਾ ਨੂੰ ਸਬ-ਡਵੀਜ਼ਨ ਦਾ ਦਰਜਾ ਦੇਣਾ ਸਰਕਾਰ ਦਾ ਪਹਿਲਾਂ ਕੰਮ ਹੋਵੇਗਾ। ਉਨਾਂ ਚੇਤਾ ਕਰਵਾਇਆ ਕਿ ਪਿਛਲੇ ਦਿਨੀਂ ਮੁੱਲਾਂਪੁਰ ਦਾਖਾ ਵਿਖੇ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਦੌਰੇ ਦੌਰਾਨ ਉਨਾਂ ਦੀ ਮੰਗ ‘ਤੇ ਮੁੱਲਾਂਪੁਰ ਦਾਖਾ ਨੂੰ ਸਬ-ਡਵੀਜ਼ਨ ਬਨਾਉਣ ਦਾ ਵਾਅਦਾ ਕੀਤਾ ਜਾ ਚੁੱਕਾ ਹੈ।
ਉਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਪੰਜਾਬ ਦਾ ਸਭ ਜ਼ਿਆਦਾ ਪੜਿਆ ਲਿਖਿਆ ਮੁੱਖ ਮੰਤਰੀ ਹੈ ਅਤੇ ਉਨਾਂ ਨੇ 111 ਦਿਨਾਂ ਬਾਰੇ ਬੋਲਦਿਆਂ ਕਿਹਾ ਕਿ ਡੀਜਲ ਤੇ ਪੈਟਰੋਲ ਸਸਤਾ ਵੀ ਚੰਨੀ ਨੇ ਕੀਤਾ ਹੈ। ਇਸ ਤੋਂ ਬਿਨਾਂ ਲੋਕਾਂ ਦੇ ਬਿਜਲੀ ਬਿਲ ਮਾਫ਼ ਵੀ ਉਸ ਨੇ ਕੀਤੇ ਅਤੇ ਆਮ ਘਰ ‘ਚੋ ਉੱਠ ਕੇ ਉਹ ਮੁੱਖ ਮੰਤਰੀ ਦੇ ਅਹੁੁਦੇ ਤਕ ਗਏ ਅਤੇ ਲੋਕਾਂ ਦੇ ਹਿੱਤ ਵਿੱਚ ਫੈਸਲੇ ਲਏ ਹਨ।