ਲੁਧਿਆਣਾ : ਸਟੀਲ ਕੰਪਨੀਆਂ ਵਲੋਂ ਪਿਛਲੇ ਇਕ ਮਹੀਨੇ ਤੋਂ ਲੋਹੇ, ਸਟੀਲ ਅਤੇ ਇਸਪਾਤ ਦੇ ਰੇਟਾਂ ਵਿਚ ਬੇਤਹਾਸ਼ਾ ਵਾਧਾ ਕੀਤਾ ਗਿਆ ਹੈ। ਕੇਂਦਰ ਸਰਕਾਰ ਚੁੱਪ ਬੈਠੀ ਹੈ ਅਤੇ ਸਟੀਲ ਕੰਪਨੀਆਂ ਦੱਬ ਕੇ ਮੁਨਾਫ਼ਾਖੋਰੀ ਕਰ ਰਹੀਆਂ ਹਨ। ਉਦਯੋਗਪਤੀਆਂ ਵਿਚ ਹਾਹਾਕਾਰ ਮੱਚੀ ਪਈ ਹੈ, ਪਰ ਸੁਣਵਾਈ ਬਿਲਕੁਲ ਨਹੀਂ ਹੋ ਰਹੀ।
ਜਸਪਾਲ ਬਾਂਗਰ ਇੰਡਸਟ੍ਰੀਅਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਇਕ ਅਹਿਮ ਬੈਠਕ ਪ੍ਰਧਾਨ ਰਮੇਸ਼ ਕੱਕੜ ਦੀ ਅਗਵਾਈ ਵਿਚ ਹੋਈ। ਉਦਯੋਗਪਤੀਆਂ ਨੇ ਲੋਹੇ ਸਟੀਲ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਕੀਤੇ ਜਾ ਰਹੇ ਇਜ਼ਾਫ਼ੇ ਕਰਕੇ ਭਾਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਕੱਕੜ ਨੇ ਕਿਹਾ ਕਿ ਸਰਕਾਰ ਵਲੋਂ ਲੋਹਾ ਨਿਰਯਾਤ ਕਰਨ ਕਰਕੇ ਇਹ ਹਾਲ ਹੋਇਆ ਹੈ।
ਉਨ੍ਹਾਂ ਕਿਹਾ ਕਿ ਛੋਟੇ ਉਦਯੋਗ ਬੰਦ ਹੋਣ ਦੀ ਕਗਾਰ ਤਕ ਪਹੁੰਚ ਗਏ ਹਨ। ਮਹਿਜ਼ ਅੱਠ ਘੰਟੇ ਲਈ ਵੀ ਕੰਮ ਨਹੀਂ ਮਿਲ ਰਿਹਾ। ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੇ ਦੱਸਿਆ ਕਿ ਵਾਰ ਵਾਰ ਅਪੀਲ ਕਰਨ ਦੇ ਬਾਵਜੂਦ ਵੀ ਸਰਕਾਰ ਰੈਗੂਲੇਟਰ ਕਮਿਸ਼ਨ ਦੀ ਸਥਾਪਨਾ ਨਹੀਂ ਕਰ ਰਹੀ ਕਿਉਂਕਿ ਇਸ ਵਿਚ ਸਟੀਲ ਕੰਪਨੀਆਂ ਤੇ ਨਕੇਲ ਕਸੀ ਜਾਵੇਗੀ। ਕੱਚੇ ਮਾਲ ਦੇ ਰੇਟ ਲਗਾਤਾਰ ਵਧਣ ਨਾਲ ਚੀਨ ਵਲੋਂ ਨਿਰਮਤ ਮਾਲ ਭਾਰਤ ਵਿਚ ਸਸਤਾ ਵਿਕ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਟੀਲ ਨਿਰਯਾਤ ਪਾਲਿਸੀ ਨੂੰ ਨਾ ਬਦਲਿਆ ਗਿਆ ਤਾਂ ਇਸ ਦਾ ਸਿੱਧਾ ਅਸਰ ਭਾਰਤ ਦੀ ਜੀ.ਡੀ.ਪੀ. ਤੇ ਪਵੇਗਾ ਅਤੇ ਛੋਟੇ ਉਦਯੋਗ ਬੰਦ ਹੋਣ ਨਾਲ ਬੇਰੁਜ਼ਗਾਰੀ ਵਧ ਜਾਵੇਗੀ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਮੇਕ ਇਨ ਇੰਡੀਆ ਦੀ ਦੁਹਾਈ ਪਾ ਰਹੀ ਹੈ। ਦੂਜੇ ਪਾਸੇ ਕੱਚੇ ਮਾਲ ਦੀਆਂ ਕੀਮਤਾਂ ਤੇ ਲਗਾਮ ਨਹੀਂ ਲਗਾ ਰਹੀ। ਐਸੋਸੀਏਸ਼ਨ ਦੇ ਮੈਂਬਰਾਂ ਨੇ ਕੇਂਦਰ ਸਰਕਾਰ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ ਹੈ।