ਲੁਧਿਆਣਾ : ਕ੍ਰਾਈਮ ਬਰਾਂਚ 3 ਦੇ ਇੰਚਾਰਜ ਬੇਅੰਤ ਜੁਨੇਜਾ ਦੀ ਅਗਵਾਈ ਵਿੱਚ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਤਸਕਰਾਂ ਵਿਰੁੱਧ ਕਾਰਵਾਈ ਕੀਤੀ। ਜਾਣਕਾਰੀ ਦਿੰਦਿਆਂ ਬੇਅੰਤ ਜੁਨੇਜਾ ਨੇ ਦੱਸਿਆ ਕਿ ਗੁਪਤਾ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਛਾਪਾਮਾਰੀ ਦੇ ਦੌਰਾਨ ਕ੍ਰਾਈਮ ਟੀਮ ਨੇ ਨਾਜਾਇਜ਼ ਸ਼ਰਾਬ ਦੀਆਂ 17 ਪੇਟੀਆਂ ਬਰਾਮਦ ਕੀਤੀਆਂ। ਛਾਪਾਮਾਰੀ ਦੌਰਾਨ ਸ਼ਰਾਬ ਦੀ ਤਸਕਰੀ ਕਰਨ ਵਾਲੇ ਦੋਵੇਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।
ਇਸ ਮਾਮਲੇ ‘ਚ ਪੁਲਿਸ ਨੇ ਕ੍ਰਾਈਮ ਬਰਾਂਚ ਦੇ ਏਐੱਸਆਈ ਅਮਰਜੀਤ ਸਿੰਘ ਦੇ ਬਿਆਨ ਉੱਪਰ ਗ਼ਰੀਬ ਨਗਰੀ ਜਸਪਾਲ ਬਾਂਗੜ ਦੇ ਰਹਿਣ ਵਾਲੇ ਅਰੁਣ ਕੁਮਾਰ ਅਤੇ ਸਾਹਿਲ ਕੁਮਾਰ ਦੇ ਖਿਲਾਫ ਆਬਕਾਰੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ।
ਇਸੇ ਦੌਰਾਨ ਸੂਚਨਾ ਮਿਲੀ ਕਿ ਦੋਵੇਂ ਮੁਲਜ਼ਮ ਨਾਜਾਇਜ਼ ਸ਼ਰਾਬ ਵੇਚਦੇ ਹਨ ਅਤੇ ਆਪਣੇ ਘਰ ਦੇ ਬਾਹਰ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ । ਜਾਣਕਾਰੀ ਤੋਂ ਬਾਅਦ ਕ੍ਰਾਈਮ ਬਰਾਂਚ ਦੀ ਟੀਮ ਨੇ ਛਾਪਾਮਾਰੀ ਕਰਕੇ 17 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ। ਕ੍ਰਾਈਮ ਬਰਾਂਚ ਦੀ ਟੀਮ ਨੇ ਮੁਲਜ਼ਮਾਂ ਦੇ ਖਿਲਾਫ ਐੱਫਆਈਆਰ ਦਰਜ ਕਰਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।