ਲੁਧਿਆਣਾ : ਭਾਰਤੀ ਕਮਿਊਨਿਸਟ ਪਾਰਟੀ(ਸੀਪੀਆਈ), ਲੁਧਿਆਣਾ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਨੌਜਵਾਨਾਂ ਦਾ ਭਵਿੱਖ ਤਬਾਹ ਕਰਨ ਵਾਲੀ ਸਕੀਮ ਨੂੰ ਵਾਪਸ ਲੈਣ ਦੀ ਜੋਰਦਾਰ ਮੰਗ ਕੀਤੀ ਗਈ। ਇਸ ਮੌਕੇ ਤੇ ਬੁਲਾਰਿਆਂ ਨੇ ਕਿਹਾ ਕਿ ਇਹ ਨਾ ਕੇਵਲ ਨੌਜਵਾਨਾਂ ਦੇ ਭਵਿੱਖ ਨਾਲ ਧੋਖਾ ਹੈ ਬਲਕਿ ਸਾਡੀ ਫੌਜ਼ ਨੂੰ ਵੀ ਕਮਜ਼ੋਰ ਕਰ ਦੇਵੇਗੀ। 4 ਸਾਲ ਦੀ ਫੌਜ ਵਿਚ ਨੌਕਰੀ ਕਰਨ ਤੋਂ ਬਾਅਦ ਇਨ੍ਹਾਂ ਬੱਚਿਆਂ ਦਾ ਭਵਿੱਖ ਹਨੇਰੇ ਵਿੱਚ ਪੈ ਜਾਏਗਾ, ਕਿਉਂਕਿ ਪਹਿਲਾਂ ਹੀ ਬੇਰੁਜ਼ਗਾਰੀ ਬਹੁਤ ਹੈ ਤੇ ਫੇਰ ਇਨ੍ਹਾਂ ਨੂੰ ਨੌਕਰੀਆਂ ਕਿਥੇ ਮਿਲਣਗੀਆਂ।
ਇਹ ਵੀ ਸਾਫ਼ ਹੈ ਕਿ ਚਾਰ ਸਾਲ ਤੋਂ ਬਾਅਦ ਇਨ੍ਹਾਂ ਨੂੰ ਸਾਬਕਾ ਫੌਜੀ ਨਹੀਂ ਮੰਨਿਆ ਜਾਵੇਗਾ ਅਤੇ ਨਾ ਹੀ ਉਨ੍ਹਾਂ ਨੂੰ ਸਾਬਕਾ ਫੋਜੀਆਂ ਮਿਲਣ ਵਾਲੇ ਲਾਭ ਜਿਵੇਂ ਮੈਡੀਕਲ ਸਹੂਲਤਾਂ ਪੈਨਸ਼ਨ ਤੇ ਕੈਂਟੀਨ ਸਹੂਲਤਾਂ ਆਦਿ ਵੀ ਨਹੀਂ ਮਿਲਣਗੇ। ਭਾਜਪਾ ਆਗੂਆਂ ਦੇ ਬਿਆਨਾਂ ਤੋਂ ਹੁਣ ਇਹ ਗੱਲ ਸਾਫ਼ ਹੈ ਕਿ ਇਹ ਬੱਚੇ ਕਾਰਪੋਰੇਟ ਘਰਾਣਿਆਂ ਦੀ ਰੱਖਿਆ ਲਈ ਸਕਿਓਰਟੀ ਗਾਰਡ ਵਜੋਂ ਕੰਮ ਤੇ ਲਾ ਦਿੱਤੇ ਜਾਣਗੇ ਅਤੇ ਇਨ੍ਹਾਂ ਵਿਚੋਂ ਚੁਣ ਕੇ ਕਈਆਂ ਨੂੰ ਹਿਟਲਰ ਦੀ ਤਰਜ਼ ਤੇ ਐਸ ਐਸ ਵਰਗੇ ਬਣਾਏ ਜਾਣ ਦਾ ਖ਼ਤਰਾ ਹੈ, ਜੋ ਕਿ ਘੱਟ ਗਿਣਤੀਆਂ ਅਤੇ ਵੱਖਰੇ ਵਿਚਾਰ ਰੱਖਣ ਵਾਲਿਆਂ ਵਿਰੁੱਧ ਹਿੰਸਾ ਕਰਨ ਲਈ ਵਰਤੇ ਜਾਣਗੇ।
ਆਗੂਆਂ ਦਾ ਕਹਿਣਾ ਹੈ ਕਿ ਜਦੋਂ 4 ਸਾਲ ਦੇ ਬਾਅਦ ਨੌਕਰੀ ਜਾਣ ਦਾ ਖਤਰਾ ਮੰਡਰਾਉਂਦਾ ਹੋਵੇ ਤਾਂ ਕੋਈ ਵੀ ਵਿਅਕਤੀ ਮਨ ਲਗਾ ਕੇ ਕੰਮ ਨਹੀਂ ਕਰ ਸਕਦਾ। ਇੰਨੇ ਥੋੜ੍ਹੇ ਸਮੇਂ ਵਿਚ ਤਾਂ ਟ੍ਰੇਨਿੰਗ ਵੀ ਪੂਰੀ ਨਹੀਂ ਹੁੰਦੀ ਇਸ ਲਈ ਸਾਡੀ ਫ਼ੌਜ ਵੀ ਕਮਜ਼ੋਰ ਹੋ ਜਾਏਗੀ ਅਤੇ ਚੀਨ ਤੇ ਪਾਕਿਸਤਾਨ ਵਰਗੀਆਂ ਫੌਜਾਂ ਦਾ ਕਿਵੇਂ ਮੁਕਾਬਲਾ ਕਰੇਗੀ। ਸਿਰਫ 6 ਮਹੀਨਿਆਂ ਦੀ ਟ੍ਰੇਨਿੰਗ, ਜੋ ਕਿ ਘੱਟ ਹੈ, ਕਰਕੇ ਯੁੱਧ ਦੀ ਸਥਿਤੀ ਦੇ ਵਿਚ, ਇਨ੍ਹਾਂ ਨੌਜਵਾਨਾਂ ਵਿੱਚ ਮੌਤ ਦਾ ਖਤਰਾ ਜਿਆਦਾ ਰਹੇਗਾ।