ਨਵੀਂ ਦਿੱਲੀ : ਸਕੂਲੀ ਸਿੱਖਿਆ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਤੇ ਉਸਨੂੰ ਨਵੀਆਂ ਉੱਚਾਈਆਂ ਦੇਣ ਦੀ ਮੁਹਿੰਮ ਤਹਿਤ ਦੇਸ਼ ’ਚ ਹੁਣ ਅਜਿਹੇ ਸਮਰਪਿਤ ਅਧਿਆਪਕ ਤਿਆਰ ਕੀਤੇ ਜਾਣਗੇ, ਜਿਨ੍ਹਾਂ ਦਾ ਰੁਝਾਨ ਸ਼ੁਰੂ ਤੋਂ ਬੱਚਿਆਂ ਨੂੰ ਪੜ੍ਹਾਉਣ ਵੱਲ ਹੋਵੇਗਾ। ਫ਼ਿਲਹਾਲ ਇਸਨੂੰ ਲੈ ਕੇ ਨਵੇਂ ਵਿੱਦਿਅਕ ਸੈਸ਼ਨ ਤੋਂ ਚਾਰ ਸਾਲਾ ਇੰਟੀਗ੍ਰੇਟਿਡ ਬੀਐੱਡ ਕੋਰਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਜਿਹੜਾ ਹਾਲੇ ਦੇਸ਼ ਦੇ ਕਰੀਬ 50 ਅਦਾਰਿਆਂ ਤੋਂ ਸ਼ੁਰੂ ਹੋਵੇਗਾ।
ਖ਼ਾਸ ਗੱਲ ਇਹ ਹੈ ਕਿ ਚਾਰ ਸਾਲਾ ਇਹ ਕੋਰਸ ਸਾਰੀਆਂ ਸਟ੍ਰੀਮ ’ਚ ਸ਼ੁਰੂ ਹੋਵੇਗਾ। ਇਸ ਵਿਚ ਬੀਏ-ਬੀਐੱਡ, ਬੀਐੱਸਸੀ-ਬੀਐੱਡ ਤੇ ਬੀਕਾਮ-ਬੀਐੱਡ ਵਰਗੇ ਕੋਰਸ ਸ਼ਾਮਲ ਹਨ। ਇਸ ਕੋਰਸ ’ਚ ਦਾਖ਼ਲਾ ਬਾਰ੍ਹਵੀਂ ਤੋਂ ਬਾਅਦ ਹੋਵੇਗਾ।
ਹਾਲੇ ਇਹ ਕੋਰਸ ਦੇਸ਼ ਦੇ ਕੁਝ ਖ਼ਾਸ ਅਦਾਰਿਆਂ ਤੋਂ ਸ਼ੁਰੂ ਹੋਣਗੇ। ਹਾਲਾਂਕਿ ਸਾਲ 2030 ਤੋਂ ਬਾਅਦ ਸਕੂਲਾਂ ’ਚ ਬਤੌਰ ਅਧਿਆਪਕ ਸਿਰਫ਼ ਉਨ੍ਹਾਂ ਲੋਕਾਂ ਦੀ ਨਿਯੁਕਤੀ ਹੋਵੇਗੀ, ਜਿਹੜੇ ਇਹ ਕੋਰਸ ਕਰ ਕੇ ਆਉਣਗੇ।
ਹਾਲਾਂਕਿ ਰਾਸ਼ਟਰੀ ਅਧਿਆਪਕ ਸਿੱਖਿਆ ਕੌਂਸਲ (NCTE) ਨੇ ਹਾਲੇ ਇਸ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਪਰ ਜਿਸ ਤਰ੍ਹਾਂ ਨਾਲ ਤਿਆਰੀ ਹੈ, ਉਸਨੂੰ ਦੇਖਦੇ ਹੋਏ ਇਹ ਸਾਫ਼ ਹੈ ਕਿ ਅਧਿਆਪਕ ਸਿੱਖਿਆ ਦੇ ਖੇਤਰ ’ਚ ਹੁਣ ਸਿਰਫ਼ ਚਾਰ ਸਾਲਾ ਇੰਟੀਗ੍ਰੇਟਿਡ ਬੀਐੱਡ ਕੋਰਸ ਨੂੰ ਹੀ ਅੱਗੇ ਵਧਾਇਆ ਜਾਵੇਗਾ।