ਲੁਧਿਆਣਾ : ਪੀ.ਏ.ਯੂ. ਵਿੱਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਮਾਲੀ ਸਹਾਇਤਾ ਨਾਲ ਖੇਤੀ ਮੌਸਮ ਤਕਨਾਲੋਜੀਆਂ ਦੇ ਬਦਲਾਅ ਅਤੇ ਸੰਚਾਰ ਬਾਰੇ ਥੋੜੇ ਅਰਸੇ ਦਾ ਕੋਰਸ ਆਰੰਭ ਹੋਇਆ । ਇਹ ਕੋਰਸ ਸੰਚਾਰ ਕੇਂਦਰ ਵੱਲੋਂ ਡਾਇਰੈਕਟੋਰੇਟ ਪਸਾਰ ਸਿੱਖਿਆ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ । ਇਸ ਵਿੱਚ 14 ਰਾਜਾਂ ਅਤੇ ਕੇਂਦਰੀ ਸਾਸ਼ਤ ਪ੍ਰਦੇਸ਼ਾਂ ਦੇ 21 ਸਿਖਿਆਰਥੀ ਸ਼ਾਮਿਲ ਹੋਏ ਹਨ ।
ਇਹ ਸਿਖਿਆਰਥੀ 13 ਵੱਖ-ਵੱਖ ਅਨੁਸਾਸ਼ਨਾਂ ਨਾਲ ਸੰਬੰਧਿਤ ਹਨ ਜਿਨ੍ਹਾਂ ਵਿੱਚ ਫਸਲ ਵਿਗਿਆਨ, ਪਸਾਰ ਸਿੱਖਿਆ, ਬਾਇਓਕਮਿਸਟਰੀ, ਗ੍ਰਹਿ ਵਿਗਿਆਨ, ਬਾਗਬਾਨੀ, ਕੀਟ ਵਿਗਿਆਨ, ਭੋਜਨ ਵਿਗਿਆਨ ਅਤੇ ਤਕਨਾਲੋਜੀ, ਮਕੈਨੀਕਲ ਇੰਜਨੀਅਰਿੰਗ, ਪੌਦਾ ਸਿਹਤ ਵਿਗਿਆਨ, ਭੂਮੀ ਵਿਗਿਆਨ ਅਤੇ ਪਸ਼ੂ ਪਾਲਣ ਪ੍ਰਮੁੱਖ ਹਨ ।
ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਖੇਤੀ ਖੋਜ ਪਸਾਰ ਅਤੇ ਅਕਾਦਮਿਕ ਪ੍ਰਾਪਤੀਆਂ ਪੱਖੋਂ ਪੀ.ਏ.ਯੂ. ਦੇ ਯੋਗਦਾਨ ਦੀ ਗੱਲ ਕੀਤੀ। ਉਹਨਾਂ ਨੇ ਹਰੀ ਕ੍ਰਾਂਤੀ ਲਈ ਪੀ.ਏ.ਯੂ. ਵੱਲੋਂ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਨੇ ਹੁਣ ਤੱਕ 809 ਕਿਸਮਾਂ ਵੱਖ-ਵੱਖ ਫ਼ਸਲਾਂ ਦੇ ਖੇਤਰ ਵਿੱਚ ਵਿਕਸਿਤ ਕੀਤੀਆਂ ਹਨ ਜਿਨ੍ਹਾਂ ਵਿੱਚੋਂ 173 ਨੂੰ ਰਾਸ਼ਟਰੀ ਪੱਧਰ ਤੇ ਕਾਸ਼ਤ ਲਈ ਜਾਰੀ ਕੀਤਾ ਗਿਆ ਹੈ ।
ਉਹਨਾਂ ਕਿਹਾ ਕਿ ਸੰਚਾਰ ਤਕਨਾਲੋਜੀ ਦੇ ਵੱਖ-ਵੱਖ ਖੇਤਰਾਂ ਵਿੱਚੋਂ ਸੁਨੇਹੇ, ਟੈਲੀਫੋਨ, ਰੇਡੀਓ, ਟੈਲੀਵੀਜ਼ਨ ਅਤੇ ਇੰਟਰਨੈੱਟ ਦੀ ਵਰਤੋਂ ਕੀਤੀ ਜਾ ਰਹੀ ਹੈ । ਅਜੋਕੇ ਸਮੇਂ ਵਿੱਚ ਸ਼ੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਕੇ ਸੰਚਾਰ ਦੇ ਨਵੇਂ ਅਤੇ ਵਧੇਰੇ ਪ੍ਰਭਾਵਸ਼ਾਲੀ ਤਰੀਕਿਆਂ ਅਤੇ ਤਕਨੀਕਾਂ ਨੂੰ ਪਸਾਰ ਸੇਵਾਵਾਂ ਲਈ ਵਰਤਿਆ ਜਾ ਸਕਦਾ ਹੈ । ਇਸ ਤੋਂ ਪਹਿਲਾਂ ਮੌਸਮ ਵਿਗਿਆਨੀ ਡਾ. ਕੇ.ਕੇ. ਗਿੱਲ ਨੇ ਸਭ ਦਾ ਸਵਾਗਤ ਕੀਤਾ ।