ਚੰਡੀਗੜ੍ਹ : ਸੂਬੇ ਵਿਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਪੰਜਾਬ ਵਿਚ ਨਾਈਟ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਕੂਲ, ਕਾਲਜ ਯੂਨੀਵਰਸਿਟੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਸਕੂਲਾਂ-ਕਾਲਜਾਂ ਨੂੰ ਆਨਲਾਈਨ ਚਲਾਉੁਣ ਲਈ ਵੀ ਆਖਿਆ ਗਿਆ ਹੈ।
ਨਾਈਟ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਜੇਕਰ ਇਸ ਸਮੇਂ ਦਰਮਿਆਨ ਕੋਈ ਬਿਨਾਂ ਕਿਸੇ ਜ਼ਰੂਰੀ ਕੰਮ ਜਾਂ ਮੈਡੀਕਲ ਜ਼ਰੂਰਤ ਦੀ ਬਿਨਾਂ ਘੁੰਮਦਾ ਪਾਇਆ ਗਿਆ ਤਾਂ ਉਸ ’ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ।
ਇਨ੍ਹਾਂ ਹੁਕਮਾਂ ਤਹਿਤ ਅੱਜ ਰਾਤ ਤੋਂ ਇਹ ਹੁਕਮ ਲਾਗੂ ਹੋ ਜਾਣਗੇ। ਰਾਤ ਦਾ ਕਰਫਿਊ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ। ਸਰਕਾਰ ਵੱਲੋਂ ਕੋਰੋਨਾ ਹਦਾਇਤਾਂ ਤਹਿਤ ਮਾਸਕ ਪਹਿਨਣਾ ਇਕ ਵਾਰ ਫਿਰ ਲਾਜ਼ਮੀ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਰੈਸਟੋਰੈਂਟ, ਹੋਟਲ, ਬਾਰ ਆਦਿ ਥਾਂਵਾਂ ਨੂੰ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹਣ ਦੇ ਹੁਕਮ ਕੀਤੇ ਗਏ ਹਨ। ਇਸ ਦੇ ਨਾਲ ਹੀ ਬੱਸਾਂ ਨੂੰ ਵੀ 50 ਫੀਸਦੀ ਸਮਰੱਥਾ ਨਾਲ ਚੱਲਾਉਣ ਦੀ ਹਿਦਾਇਤ ਦਿੱਤੀ ਗਈ ਹੈ।