PAU ਵੱਲੋਂ ਮਾਰਚ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਕਿਸਾਨ ਮੇਲਿਆਂ ਦੀ ਲੜੀ ਵਿੱਚ ਦੂਜਾ ਕਿਸਾਨ ਮੇਲਾ ਯੂਨੀਵਰਸਿਟੀ ਦੇ ਡਾ. ਡੀ.ਆਰ. ਭੂੰਬਲਾ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਵਿਖੇ ਪ੍ਰਭਾਵਸ਼ਾਲੀ ਢੰਗ ਨਾਲ ਆਯੋਜਿਤ ਕੀਤਾ ਗਿਆ। ‘ਆਓ ਖੇਤੀ ਖਰਚ ਘਟਾਈਏ, ਵਾਧੂ ਪਾਣੀ ਖਾਦ ਨਾ ਪਾਈਏ’ ਦੇ ਉਦੇਸ਼ ਨੂੰ ਲੈ ਕੇ ਲਗਾਏ ਇਸ ਕਿਸਾਨ ਮੇਲੇ ਵਿੱਚ ਸ. ਨਰਿੰਦਰ ਸਿੰਘ ਸ਼ੇਰਗਿੱਲ, ਚੇਅਰਮੈਨ, ਮਿਲਕਫੈੱਡ, ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏੇ ।
ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਖੇਤੀਬਾੜੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਵਲੋਂ ਆਯੋਜਿਤ ਕੀਤੇ ਜਾਣ ਵਾਲੇ ਕਿਸਾਨ ਮੇਲੇ ਖੇਤੀ ਗਿਆਨ ਵਿਗਿਆਨ ਦੇ ਸਰੋਤ ਹੁੰਦੇ ਹਨ ਅਤੇ ਕੰਢੀ ਖੇਤਰ ਦੇ ਇਸ ਮੇਲੇ ਵਿੱਚ ਕਿਸਾਨਾਂ ਦੀ ਦਿਨੋ ਦਿਨ ਵੱਧ ਰਹੀ ਸ਼ਮੂਲੀਅਤ ਇਸ ਇਲਾਕੇ ਦੀ ਵਿਗਿਆਨਕ ਖੇਤੀ ਲਈ ਸ਼ੁਭ ਸ਼ਗਨ ਹੈ ।
ਸਮਾਜਕ ਰੀਤੀ ਰਿਵਾਜ਼ਾਂ ਅਤੇ ਸਮਾਗਮਾਂ ਤੇ ਸੰਕੋਚਵਾਂ ਖਰਚ ਕਰਨ ਦੀ ਪ੍ਰੇਰਨਾ ਕਰਦਿਆਂ ਉਨ੍ਹਾਂ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਸਹਿਕਾਰੀ ਪੱਧਰ ਤੇ ਅਪਨਾਉਣ ਦੀ ਅਪੀਲ ਕੀਤੀ ।ਉਹਨਾਂ ਨੇ ਕਿਸਾਨਾਂ ਨੂੰ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਲਈ ਪ੍ਰੇਰਿਆ। ਇਸ ਦੇ ਨਾਲ ਹੀ ਖੋਜ ਖੇਤਰ ਵਿੱਚ ਨਾੜ ਦੀ ਸਾਂਭ ਸੰਭਾਲ ਅਤੇ ਪਾਣੀ ਦੀ ਸੁਚੱਜੀ ਵਰਤੋਂ ਨੂੰ ਮੁੱਖ ਰੱਖ ਕੇ ਕੰਮ ਕਰਨ ਲਈ ਕਿਹਾ।
ਉਨਾਂ ਨੇ ਇਸ ਇਲਾਕੇ ਵਿੱਚ ਸਥਾਪਿਤ ਹੋਏ ਖੇਤੀਬਾੜੀ ਕਾਲਜ ਸੰਬੰਧੀ ਕਿਹਾ ਕਿ ਇਸ ਕਾਲਜ ਦੇ ਸ਼ੁਰੂ ਹੋਣ ਨਾਲ ਯੁਨੀਵਰਸਿਟੀ ਵੱੱਲੋਂ ਖੇਤੀ ਖੇਤਰ ਵਿੱਚ ਕੀਤੀ ਜਾ ਰਹੀ ਕਿੱਤਾ ਅਧਾਰਿਤ ਖੇਤੀ ਖੋਜ ਨੂੰ ਹੋਰ ਬਲ ਮਿਲੇਗਾ। ਉਹਨਾਂ ਕਿਹਾ ਕਿ ਕਾਲਜ ਸਥਾਪਿਤ ਹੋਣ ਨਾਲ ਨਾ ਕੇਵਲ ਪੰਜਾਬ ਦੇ ਵਿਦਿਆਰਥੀਆਂ ਨੂੰ ਖੇਤੀਬਾੜੀ ਸੰਬੰਧਿਤ ਸਿੱਖਿਆ ਮਿਲੇਗੀ ਬਲਕਿ ਇਸ ਇਲਾਕੇ ਦਾ ਆਰਥਿਕ ਵਿਕਾਸ ਵੀ ਹੋਵੇਗਾ ।
ਇਸ ਮੌਕੇ ਮੁੱਖ ਮਹਿਮਾਨ ਸ. ਨਰਿੰਦਰ ਸਿੰਘ ਸ਼ੇਰਗਿੱਲ, ਚੇਅਰਮੈਨ, ਮਿਲਕਫੈੱਡ, ਪੰਜਾਬ ਨੇ ਆਪਣੇ ਸੰਬੋਧਨ ਵਿੱਚ ਖੋਜ ਕੇਂਦਰ ਵਿਖੇ ਖੇਤੀਬਾੜੀ ਦੀ ਡਿਗਰੀ ਸ਼ੁਰੂ ਕਰਨ ਲਈ ਵਧਾਈ ਦਿੱਤੀ। ਉਹਨਾਂ ਨੇ ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਜਿਵੇਂ ਕਿ ਡੇਅਰੀ ਫਾਰਮਿੰਗ, ਮੁਰਗੀ ਪਾਲਣ, ਵਣ ਖੇਤੀ ਲਈ ਪ੍ਰੇਰਿਆ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਲਈ ਨਵੀਆਂ ਖੇਤੀ ਨੀਤੀਆਂ ਵਿਕਸਿਤ ਕਰੇਗੀ ਜੋ ਕਿ ਕਿਸਾਨਾਂ ਲਈ ਬਹੁਤ ਫਾਇਦੇਮੰਦ ਹੋਣਗੀਆਂ।
ਇਸ ਮੌਕੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ ਨਾਲ ਨਿਵਾਜ਼ਿਆ ਗਿਆ। ਮੇਲੇ ਦੌਰਾਨ ਕਿਸਾਨਾਂ ਵਲੋਂ ਯੂਨੀਵਰਸਿਟੀ ਦੁਆਰਾ ਵਿਕਸਿਤ ਬੀਜ ਅਤੇ ਪ੍ਰਕਾਸ਼ਨਾਵਾਂ ਲਈ ਵਿਸ਼ੇਸ਼ ਉਤਸ਼ਾਹ ਵੇਖਿਆ ਗਿਆ ।ਮੇਲੇ ਦੌਰਾਨ ੮੫ ਦੇ ਕਰੀਬ ਸਟਾਲ ਲਗਾਏ ਗਏ। ਮੇਲੇ ਦੌਰਾਨ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਅਤੇ ਵੱਖ-ਵੱਖ ਵਿਸ਼ਾ ਵਸਤੂ ਮਾਹਰਾਂ ਵਲੋਂ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਪ੍ਰਦਾਨ ਕੀਤੀ ਗਈ।