Connect with us

ਖੇਡਾਂ

ਰਾਸ਼ਟਰਮੰਡਲ ਖੇਡਾਂ ‘ਚ ਕਾਂਸੀ ਤਮਗਾ ਜੇਤੂ ਗੁਰਦੀਪ ਸਿੰਘ ਦਾ ਖੰਨਾ ਪਹੁੰਚਣ ‘ਤੇ ਜ਼ੋਰਦਾਰ ਸਵਾਗਤ

Published

on

Commonwealth Games bronze medalist Gurdeep Singh received a warm welcome on his arrival in Khanna

ਖੰਨਾ/ਲੁਧਿਆਣਾ :  ਕਾਮਨਵੈਲਥ ਖੇਡਾਂ ਬਰਮਿੰਘਮ 2022 ਵਿੱਚ ਵੇਟ ਲਿਫਟਿੰਗ ਦੀ ਹੈਵੀ ਵੇਟ ਕੈਟਾਗਿਰੀ ਵਿੱਚ ਕਾਂਸੀ ਤਮਗਾ ਜਿੱਤਣ ਵਾਲੇ ਸ੍ਰੀ ਗੁਰਦੀਪ ਸਿੰਘ ਪਿੰਡ ਮਾਜਰੀ ਦਾ ਖੰਨਾ ਸ਼ਹਿਰ ਵਿੱਚ ਪਹੁੰਚਣ ‘ਤੇ ਸਥਾਨਕ ‘ਸੈਲੀਬ੍ਰੇਸ਼ਨ ਬਾਜ਼ਾਰ’ ਨੇੜੇ ਜੀ.ਟੀ. ਰੋਡ ਵਿਖੇ, ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਸ. ਤਰੁਨਪ੍ਰੀਤ ਸਿੰਘ ਸੌਂਦ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਲੁਧਿਆਣਾ ਦੀ ਤਰਫੋਂ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਮਰਜੀਤ ਬੈਂਸ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਭਰਵਾ ਸਵਾਗਤ ਕੀਤਾ।

ਵਿਧਾਇਕ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਆਪਣੇ ਵਿਧਾਨ ਸਭਾ ਹਲਕਾ ਖੰਨਾ ਵਿਖੇ ਖਿਡਾਰੀ ਗੁਰਦੀਪ ਸਿੰਘ ਵੱਲੋਂ ਪਿੰਡ ਮਾਜਰੀ, ਖੰਨਾ ਸ਼ਹਿਰ, ਜਿਲ੍ਹਾ ਲੁਧਿਆਣਾ, ਪੰਜਾਬ ਅਤੇ ਭਾਰਤ ਦਾ ਨਾਂ ਰੋਸ਼ਨ ਕਰਨ ‘ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਖਿਡਾਰੀ ਗੁਰਦੀਪ ਸਿੰਘ ਦਾ ਬਣਦਾ ਹੋਰ ਮਾਣ-ਸਨਮਾਨ ਦਿਵਾਇਆ ਜਾਵੇਗਾ।

ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਮਰਜੀਤ ਬੈਂਸ ਨੇ ਕਾਂਸੀ ਤਮਗਾ ਜੇਂਤੂ ਸ੍ਰੀ ਗੁਰਦੀਪ ਸਿੰਘ ਪਿੰਡ ਮਾਜਰੀ (ਖੰਨਾ) ਨੂੰ ਵਧਾਈ ਦਿੰਦਿਆ ਕਿਹਾ ਕਿ ਉਸ ਨੇ ਸਾਡੇ ਸ਼ਹਿਰ ਖੰਨਾ, ਜ਼ਿਲ੍ਹਾ ਲੁਧਿਆਣਾ, ਪੰਜਾਬ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ, ਜਿਸ ਨਾਲ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਸ੍ਰੀ ਗੁਰਦੀਪ ਸਿੰਘ ਦੇ ਕਾਂਸੀ ਤਮਗਾ ਜਿੱਤਣ ਦਾ ਸਿਹਰਾ ਉਸ ਦੇ ਮਾਤਾ-ਪਿਤਾ ਅਤੇ ਕੋਚਾਂ ਨੂੰ ਵੀ ਜਾਂਦਾ ਹੈ।

ਕਾਂਸੀ ਤਮਗਾ ਜੇਂਤੂ ਸ੍ਰੀ ਗੁਰਦੀਪ ਸਿੰਘ ਦੇ ਪਿਤਾ ਸ੍ਰ. ਭਾਗ ਸਿੰਘ ਨੇ ਕਿਹਾ ਕਿ ਉਸ ਦੇ ਪੁੱਤਰ ਵੱਲੋਂ ਕਾਂਸੀ ਤਮਗਾ ਜਿੱਤਣ ‘ਤੇ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਸ੍ਰੀ ਗੁਰਦੀਪ ਸਿੰਘ ਦੇ ਕੋਚ ਸ੍ਰੀ ਸ਼ੁਭਕਰਮਨ ਸਿੰਘ ਰਾਣਾ ਅਤੇ ਕੋਚ ਸ੍ਰੀ ਮੋਹਨ ਸਿੰਘ ਨੇ ਕਿਹਾ ਕਿ ਗੁਰਦੀਪ ਸਿੰਘ ਖੰਨਾ ਵੇਟ ਲਿਫਟਿੰਗ ਸੈਂਟਰ ਖੰਨਾ ਦਾ ਹੋਣਹਾਰ ਖਿਡਾਰੀ ਹੈ ਅਤੇ ਅੱਜ ਖੰਨਾ ਵੇਟ ਲਿਫਟਿੰਗ ਐਸੋਸੀਏਸ਼ਨ ਗੁਰਦੀਪ ਸਿੰਘ ਦੇ ਕਾਂਸੀ ਤਮਗਾ ਜਿੱਤਣ ਤੇ ਮਾਣ ਮਹਿਸੂਸ ਕਰ ਰਹੀ ਹੈ।

ਸ੍ਰੀ ਗੁਰਦੀਪ ਸਿੰਘ ਕਾਂਸੀ ਤਗਮਾ ਜੇਂਤੂ ਨੇ ਕਿਹਾ ਕਿ ਇਸ ਦਾ ਸਿਹਰਾ ਉਸ ਵੱਲੋ ਕੀਤੀ ਸਖਤ ਮਿਹਨਤ ਦੇ ਨਾਲ-ਨਾਲ ਉਹਨਾਂ ਦੇ ਪਿਤਾ ਸ੍ਰ. ਭਾਗ ਸਿੰਘ, ਮਾਤਾ ਜਸਵੀਰ ਕੌਰ ਤੇ ਪੂਰੇ ਪਰਿਵਾਰ ਦੇ ਸਹਿਯੋਗ ਨਾਲ ਅਤੇ ਖੰਨਾ ਵੇਟ ਲਿਫਟਿੰਗ ਸੈਂਟਰ ਖੰਨਾ ਵਿੱਚ ਕੋਚ ਸ੍ਰੀ ਸ਼ੁਭਕਰਮਨ ਸਿੰਘ ਰਾਣਾ ਅਤੇ ਕੋਚ ਸ੍ਰੀ ਮੋਹਨ ਸਿੰਘ ਦੀ ਅਗਵਾਈ ਵਿੱਚ ਕੋਚਿੰਗ ਲੈ ਕੇ ਵਡਮੁੱਲੀ ਪ੍ਰਾਪਤੀ ਕੀਤੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਾਂਸੀ ਤਮਗਾ ਜੇਂਤੂ ਗੁਰਦੀਪ ਸਿੰਘ ਭਾਰਤੀ ਰੇਲਵੇਂ ਵਿੱਚ ਬਤੌਰ ਸੀਨੀਅਰ ਟੀ.ਟੀ ਵੱਜੋਂ ਸੇਵਾਵਾਂ ਵੀ ਨਿਭਾਅ ਰਹੇ ਹਨ।

ਇਸ ਮੌਕੇ ਹੋਰਨਾ ਤੋਂ ਇਲਾਵਾ ਤਹਿਸੀਲਦਾਰ ਖੰਨਾ ਸ੍ਰੀ ਨਵਦੀਪ ਸਿੰਘ ਭੋਗਲ, ਸ੍ਰੀ ਕਰਮਚੰਦ ਸ਼ਰਮਾ ਬੁਲਾਰਾ ਆਮ ਆਦਮੀ ਪਾਰਟੀ, ਯੂਥ ਪ੍ਰਧਾਨ ਸ੍ਰੀ ਗੁਰਸੀਰਤ ਸਿੰਘ, ਸ੍ਰੀ ਮਹੇਸ਼ ਕੁਮਾਰ ਪੀ.ਏ, ਸ੍ਰੀ ਜਸਵਿੰਦਰ ਸਿੰਘ ਬਲਿੰਗ, ਸ੍ਰੀ ਗੁਰਮਿੰਦਰ ਸਿੰਘ, ਸ੍ਰੀ ਗੁਰਜੀਤ ਸਿੰਘ ਗਿੱਲ, ਸ੍ਰੀ ਮਨਜੋਤ ਸਿੰਘ ਭੱਟੀ, ਸ੍ਰੀ ਕੁਲਵੰਤ ਸਿੰਘ ਮਹਿਮੀ, ਸ੍ਰੀ ਦਿਲਬਾਗ ਸਿੰਘ ਬਬਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਤੇ ਇਲਾਕਾ ਨਿਵਾਸੀ ਹਾਜ਼ਰ ਸਨ।

Facebook Comments

Trending