ਲੁਧਿਆਣਾ : ਡਾਕਟਰੀ ਸੇਵਾਵਾਂ ਤੇ ਡਾਕਟਰੀ ਸਿੱਖਿਆ ਦੇ ਖੇਤਰ ਵਿਚ ਉਤਰੀ ਭਾਰਤ ਦੀ ਸਿਰਮੌਰ ਸੰਸਥਾ ਦੇ ਤੌਰ ‘ਤੇ ਜਾਣੇ ਜਾਂਦੇ ਸੀ.ਐਮ.ਸੀ. ਅਤੇ ਹਸਪਤਾਲ ਵਿਚ ਭਾਰਤ ਸਰਕਾਰ ਵਲੋਂ ਡਾਕਟਰੀ ਖੋਜਾਂ ਲਈ ਸਿਖਲਾਈ ਕੇਂਦਰ ਸਥਾਪਤ ਕੀਤਾ ਗਿਆ ਹੈ।
ਇਸ ਸਿਖਲਾਈ ਕੇਂਦਰ ਦਾ ਉਦਘਾਟਨ ਕਰਦਿਆਂ ਕੌਮਾਂਤਰੀ ਪੱਧਰ ਦੇ ਡਾਕਟਰਾਂ ਦੀ ਸੂਚੀ ਵਿਚ ਸ਼ਾਮਲ ਡਾ. ਪਦਮ ਸਿੰਘ ਨੇ ਕਿਹਾ ਕਿ ਇਹ ਸਿਖਲਾਈ ਕੇਂਦਰ ਭਾਰਤ ਸਰਕਾਰ ਅਤੇ ਆਈ.ਸੀ.ਐਮ.ਆਰ. ਨਵੀਂ ਦਿੱਲੀ ਦੇ ਸਾਂਝੇ ਸਹਿਯੋਗ ਨਾਲ ਸਥਾਪਤ ਕੀਤਾ ਗਿਆ ਅਤੇ ਇਸ ਕੇਂਦਰ ਵਿਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਚੱਲ ਰਹੇ ਸਰਕਾਰੀ ਅਤੇ ਗੈਰ ਸਰਕਾਰੀ ਮੈਡੀਕਲ ਕਾਲਜਾਂ/ਡੈਂਟਲ ਕਾਲਜਾਂ ਦੇ ਫੈਕਲਟੀ ਮੈਂਬਰ ਆ ਕੇ ਨਵੀਆਂ ਡਾਕਟਰੀ ਖੋਜਾਂ ਲਈ ਸਿਖਲਾਈ ਪ੍ਰਾਪਤ ਕਰ ਸਕਣਗੇ।
ਇਸ ਮੌਕੇ ਸੀ.ਐਮ.ਸੀ. ਅਤੇ ਹਸਪਤਾਲ ਦੀ ਪ੍ਰਬੰਧਕ ਕਮੇਟੀ ਦੇ ਨਿਰਦੇਸ਼ਕ ਡਾ. ਵਿਲੀਅਮ ਭੱਟੀ ਨੇ ਕਿਹਾ ਕਿ ਇਹ ਸਿਖਲਾਈ ਕੇਂਦਰ ਡਾਕਟਰੀ ਖੇਤਰ ਵਿਚ ਨਵੀਆਂ ਖੋਜਾਂ ਕਰਨ ਲਈ ਰਾਹ ਦਸੇਰਾ ਬਣੇਗਾ। ਇਸ ਮੌਕੇ ਕੇਂਦਰ ਦੀ ਇੰਚਾਰਜ ਡਾ. ਮੋਨਿਕਾ ਸ਼ਰਮਾ ਨੇ ਕਿਹਾ ਕਿ ਇਹ ਕੇਂਦਰ ਡਾਕਟਰੀ ਖੋਜ ਕਾਰਜਾਂ ਲਈ ਮੀਲ ਪੱਥਰ ਸਾਬਤ ਹੋਵੇਗਾ। ਇਸ ਮੌਕੇ ਭਾਰਤ ਸਰਕਾਰ ਦੀ ਉਕਤ ਸਕੀਮ ਦੇ ਕੌਮੀ ਕੋ-ਆਰਡੀਨੇਟਰ ਡਾ. ਸ਼ੁਭਮ ਪਾਂਡੇ ਨੇ ਖੋਜ ਸਿਖਲਾਈ ਕੇਂਦਰ ਦੀ ਕਾਰਜ ਪ੍ਰਣਾਲੀ ਉਪਰ ਵਿਸਥਾਰਪੂਰਵਕ ਚਾਨਣਾ ਪਾਇਆ।