ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 38ਵੇਂ ਖੇਡ ਮੇਲੇ ਦਾ ਆਯੋਜਨ ਕਰਨ ਲਈ ਲੁਧਿਆਣਾ ਦੇ ਪਿੰਡ ਘੁੰਗਰਾਲੀ ਪੁੱਜੇ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀਆਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਉਨ੍ਹਾਂ ਲੁਧਿਆਣਾ ਵਾਸੀਆਂ ਨੂੰ 8.25 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਤੋਹਫੇ ਵਜੋਂ ਦਿੱਤੇ।ਆਪਣੇ ਸੰਬੋਧਨ ‘ਚ ਭਗਵੰਤ ਮਾਨ ਨੇ ਅਮਰੀਕਾ ‘ਚੋਂ ਕੱਢੇ ਗਏ ਨੌਜਵਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਿਦੇਸ਼ ਜਾਣ ਦਾ ਲਾਲਚ ਤਿਆਗ ਦੇਣ, ਪੰਜਾਬ ਵਿੱਚ ਹੀ ਬਹੁਤ ਕੁਝ ਹੈ ਅਤੇ ਇੱਥੇ ਰਹਿ ਕੇ ਮਿਹਨਤ ਕਰਨ।
ਉਨ੍ਹਾਂ ਦੱਸਿਆ ਕਿ ਅੱਜ ਅਮਰੀਕਾ ਤੋਂ 112 ਭਾਰਤੀ ਆ ਰਹੇ ਹਨ, ਜਿਨ੍ਹਾਂ ਵਿੱਚੋਂ 31 ਪੰਜਾਬ ਨਾਲ ਸਬੰਧਤ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਨੌਜਵਾਨਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਨੌਕਰੀਆਂ ਦੇ ਰਹੀ ਹੈ। ਸਰਕਾਰ ਨੇ ਤਿੰਨ ਸਾਲਾਂ ਵਿੱਚ 50,000 ਤੋਂ ਵੱਧ ਨੌਕਰੀਆਂ ਪ੍ਰਦਾਨ ਕੀਤੀਆਂ ਹਨ।ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹਜ਼ਾਰਾਂ ਲੜਕੇ-ਲੜਕੀਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਜਾਵੇਗਾ ਜਿੱਥੇ ਲੜਕੀਆਂ ਵੀ ਫਾਇਰ ਬ੍ਰਿਗੇਡ ‘ਚ ਕੰਮ ਕਰਨਗੀਆਂ।