ਲੁਧਿਆਣਾ : ਪੰਜਾਬ ਐਗਰੀਕਚਰਲ ਯੂਨੀਵਰਸਿਟੀ ਵਿੱਚ ਸਾਉਣੀ ਦੀਆਂ ਫ਼ਸਲਾਂ ਲਈ ਕਿਸਾਨ ਮੇਲੇ ‘ਤੇ ਮੌਸਮ ਦੀ ਲੁਕਣ ਮੀਚੀ ਦੇ ਬਾਵਜੂਦ ਕਿਸਾਨਾਂ ਦੀ ਭਾਰੀ ਆਮਦ ਅਤੇ ਇਕੱਠ ਨੇ ਇਸ ਮੇਲੇ ਦੀ ਭਰਪੂਰਤਾ ਨੂੰ ਚਾਰ ਚੰਨ ਲਾਏ | ਮੇਲੇ ਵਿੱਚ ਅਮਰੀਕਾ ਦੀ ਕੈਨਸਾਸ ਰਾਜ ਯੂਨੀਵਰਸਿਟੀ ਦੇ ਪੌਦਾ ਰੋਗ ਮਾਹਿਰ ਅਤੇ ਕਣਕ ਦੇ ਬਾਦਸ਼ਾਹ ਕਹੇ ਜਾਣ ਵਾਲੇ ਵਿਗਿਆਨੀ ਡਾ. ਬਿਕਰਮ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਮੇਲੇ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ |

ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਸ. ਬਿਕਰਮ ਸਿੰਘ ਗਿੱਲ ਨੇ ਕਿਹਾ ਕਿ ਖੇਤੀ ਸੰਸਾਰ ਦੇ ਸਭ ਤੋਂ ਪਵਿੱਤਰ ਕਿੱਤਿਆਂ ਵਿੱਚੋਂ ਇੱਕ ਹੈ | ਡਾ. ਗਿੱਲ ਨੇ ਅਜੋਕੀ ਕਿਸਾਨੀ ਲਈ ਵਿੱਦਿਆ ਹਾਸਲ ਕਰਨ ਦੀ ਲੋੜ ਨੂੰ ਦ੍ਰਿੜ ਕੀਤਾ ਅਤੇ ਕਿਹਾ ਕਿ ਕੈਨਸਾਸ ਰਾਜ ਪੰਜਾਬ ਵਾਂਗ ਕਣਕ ਦੀ ਪ੍ਰਧਾਨਤਾ ਵਾਲਾ ਖਿੱਤਾ ਹੈ ਪਰ ਉੱਥੋਂ ਦੇ ਕਿਸਾਨਾਂ ਨੇ ਖੇਤੀ ਸਿੱਖਿਆ ਨਾਲ ਆਪਣੇ ਸੰਬੰਧ ਮਜ਼ਬੂਤ ਕੀਤੇ ਹਨ | ਡਾ. ਗਿੱਲ ਨੇ ਦੱਸਿਆ ਕਿ ਉਹਨਾਂ ਨੇ ਕੈਨਸਾਸ ਵਿੱਚ ਮੁੱਢ ਕਣਕ ਅਤੇ ਜੰਗਲੀ ਕਿਸਮਾਂ ਤੇ ਖੋਜ ਕੀਤੀ |

ਡਾ. ਬਿਕਰਮ ਸਿੰਘ ਗਿੱਲ ਨੇ ਕਣਕ ਦੀ ਖੇਤੀ ਨੂੰ ਰਵਾਇਤੀ ਲੀਹਾਂ ਦੇ ਨਾਲ-ਨਾਲ ਨਵੇਂ ਪ੍ਰਸੰਗਾਂ ਅਨੁਸਾਰ ਕਰਨ ਲਈ ਵੱਡਮੁੱਲੇ ਸੁਝਾਵ ਵੀ ਦਿੱਤੇ | ਉਹਨਾਂ ਕਿਹਾ ਕਿ ਅਸੀਂ ਕਣਕ ਦੀ ਬਿਜਾਈ ਬਿਨਾਂ ਅਗਾਊਂ ਮੰਤਵ ਦੇ ਕਰਦੇ ਹਾਂ ਜਦਕਿ ਕਣਕ ਦੀਆਂ ਕਿਸਮਾਂ ਦੀ ਭਿੰਨਤਾ ਇਸ ਫ਼ਸਲ ਦੇ ਵੱਖ-ਵੱਖ ਉਦੇਸ਼ਾਂ ਲਈ ਕਾਸ਼ਤ ਨਾਲ ਜੁੜੀ ਹੋਣੀ ਚਾਹੀਦੀ ਹੈ | ਉਹਨਾਂ ਕਿਹਾ ਕਿ ਰੋਟੀ ਬਨਾਉਣ ਵਾਲੀ ਕਣਕ, ਜੰਕ ਫੂਡ ਉਤਪਾਦਾਂ ਵਾਲੀ ਕਣਕ ਅਤੇ ਬਰੈੱਡ, ਡਬਲਰੋਟੀ ਵਰਗੇ ਉਤਪਾਦ ਤਿਆਰ ਕਰਨ ਵਾਲੀ ਕਣਕ ਵਿੱਚ ਭਿੰਨਤਾ ਹੋਣੀ ਲਾਜ਼ਮੀ ਹੈ |

ਪ੍ਰਧਾਨਗੀ ਭਾਸ਼ਣ ਵਿੱਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਡਾਵਾਂਡੋਲ ਮੌਸਮ ਦੇ ਬਾਵਜੂਦ ਕਿਸਾਨਾਂ ਦੀ ਵਡੇਰੀ ਆਮਦ ਲਈ ਸਤਿਕਾਰ ਦੇ ਭਾਵ ਪ੍ਰਗਟ ਕੀਤੇ | ਉਹਨਾਂ ਕਿਹਾ ਕਿ ਪੀ.ਏ.ਯੂ. ਅਤੇ ਕਿਸਾਨਾਂ ਦਾ ਸੰਬੰਧ ਅਤੁੱਟ ਅਤੇ ਪਕੇਰਾ ਹੈ ਅਤੇ ਇਹ 1967 ਤੋਂ ਲਗਾਤਾਰ ਇਹਨਾਂ ਕਿਸਾਨ ਮੇਲਿਆਂ ਦੇ ਆਯੋਜਨ ਤੋਂ ਹੀ ਬਣਿਆ ਹੋਇਆ ਹੈ | ਡਾ. ਗੋਸਲ ਨੇ ਦੱਸਿਆ ਕਿ ਇਹਨਾਂ ਮੇਲਿਆਂ ਦਾ ਉਦੇਸ਼ ‘ਆਓ ਖੇਤੀ ਖਰਚ ਘਟਾਈਏ-ਵਾਧੂ ਪਾਣੀ, ਖਾਦ ਨਾ ਪਾਈਏ’, ਰੱਖ ਕੇ ਕਿਸਾਨੀ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਕੋਸ਼ਿਸ਼ਾਂ ਕਰਨ ਦੀ ਪਹਿਲਕਦਮੀ ਯੂਨੀਵਰਸਿਟੀ ਨੇ ਕੀਤੀ ਹੈ |

ਉਹਨਾਂ ਕਿਹਾ ਕਿ ਆਉਂਦੇ ਸਾਉਣੀ ਸੀਜ਼ਨ ਦੌਰਾਨ ਫ਼ਸਲੀ ਵਿਭਿੰਨਤਾ ਲਈ ਬਾਸਮਤੀ ਅਤੇ ਨਰਮੇ ਹੇਠ ਰਕਬਾ ਵਧਾਉਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਇਸ ਲਈ ਸਰਕਾਰ ਨੇ ਵੀ ਵਿਸ਼ੇਸ਼ ਕੋਸ਼ਿਸ਼ਾਂ ਆਰੰਭੀਆਂ ਹਨ | ਪੀ.ਏ.ਯੂ. ਵੱਲੋਂ ਸਿਫ਼ਾਰਸ਼ ਨਰਮੇ ਦੇ ਬੀਜ ਖਰੀਦਣ ਸਮੇਂ ਸਰਕਾਰ ਵੱਲੋਂ 33 ਪ੍ਰਤੀਸ਼ਤ ਸਬਸਿਡੀ ਐਲਾਨੀ ਗਈ ਹੈ | ਇਸੇ ਤਰ੍ਹਾਂ ਅਗੇਤੀ ਬਿਜਾਈ ਲਈ ਨਹਿਰੀ ਪਾਣੀ ਨੂੰ ਪਹਿਲੀ ਅਪ੍ਰੈਲ ਤੋਂ ਮੁਹੱਈਆ ਕਰਾਉਣ ਦੇ ਪ੍ਰਬੰਧ ਵੀ ਸਰਕਾਰੀ ਪੱਧਰ ਤੇ ਹੋ ਰਹੇ ਹਨ |

ਪਰਾਲੀ ਦੀ ਸੰਭਾਲ ਬਾਰੇ ਵਾਈਸ ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ ਖੋਜਾਂ ਅਨੁਸਾਰ ਪਰਾਲੀ ਨੂੰ ਖੇਤ ਵਿੱਚ ਸੰਭਾਲਣ ਨਾਲ ਜੈਵਿਕ ਮਾਦੇ ਵਿੱਚ ਭਰਪੂਰ ਵਾਧਾ ਦੇਖਿਆ ਗਿਆ | ਉਹਨਾਂ ਨੇ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ, ਤੁਪਕਾ ਸਿੰਚਾਈ ਵਿਧੀ ਨਾਲ ਹੀ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ | ਨਾਲ ਹੀ ਸੌਰ ਊਰਜਾ ਵਿੱਚ ਵਾਧੇ ਲਈ ਕੋਸ਼ਿਸ਼ਾਂ ਦੀ ਲੋੜ ਤੇ ਵੀ ਜ਼ੋਰ ਦਿੱਤਾ |

ਖੇਤੀਬਾੜੀ ਅਤੇ ਕਿਸਾਨ ਭਲਾਈ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੁਨੀਆਂ ਦਾ ਸਭ ਤੋਂ ਵੱਧ ਝਾੜ ਦੇਣ ਵਾਲਾ ਕਾਸ਼ਤਕਾਰ ਖਿੱਤਾ ਹੈ | ਇਸ ਦੇ ਬਾਵਜੂਦ ਖੇਤੀ ਵਿੱਚ ਅਸੰਖ ਸਮੱਸਿਆਵਾਂ ਹਨ | ਕਿਸਾਨ ਕਰਜ਼ਾਈ ਹੈ, ਖੇਤੀ ਤੋਂ ਬਾਹਰ ਹੋ ਰਿਹਾ ਹੈ ਅਤੇ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ | ਇਹਨਾਂ ਸੰਕਟਾਂ ਦਾ ਕਾਰਨ ਕਿਸੇ ਢੁੱਕਵੀਂ ਖੇਤੀ ਨੀਤੀ ਦੀ ਅਣਹੋਂਦ ਹੈ |

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਸਮਾਰੋਹ ਵਿੱਚ ਯੂਨੀਵਰਸਿਟੀ ਦੀਆਂ ਖੋਜ ਸਿਫ਼ਾਰਸ਼ਾਂ ਕਿਸਾਨਾਂ ਨਾਲ ਸਾਂਝੀਆਂ ਕੀਤੀਆ | ਉਹਨਾਂ ਨੇ ਨਵੀਆਂ ਕਿਸਮਾਂ, ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਦਾ ਵੇਰਵਾ ਦਿੱਤਾ ਜੋ ਆਉਂਦੀ ਸਾਉਣੀ ਵਿੱਚ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੀਆਂ ਜਾ ਰਹੀਆਂ ਹਨ | ਉਹਨਾਂ ਦੱਸਿਆ ਕਿ ਹੁਣ ਤੱਕ 900 ਤੋਂ ਵਧੇਰੇ ਕਿਸਮਾਂ ਵਿਕਸਿਤ ਕਰਕੇ ਪੀ.ਏ.ਯੂ. ਮਾਹਿਰਾਂ ਨਾਲ ਕਿਸਾਨਾਂ ਤੱਕ ਪਹੁੰਚਾਈਆਂ ਹਨ |

ਇਸ ਮੌਕੇ ਪੰਜ ਕਿਸਾਨਾਂ ਨੂੰ ਖੇਤੀ ਵਿੱਚ ਕੀਤੇ ਅਗਾਂਹਵਧੂ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਸ. ਜਤਿੰਦਰ ਸਿੰਘ ਨੂੰ ਮੁੱਖ ਮੰਤਰੀ ਪੁਰਸਕਾਰ, ਸ. ਗੁਰਵਿੰਦਰ ਸਿੰਘ ਸੋਹੀ ਨੂੰ ਬਾਗਬਾਨੀ ਲਈ ਮੁੱਖ ਮੰਤਰੀ ਪੁਰਸਕਾਰ, ਸ. ਸੁਖਦੇਵ ਸਿੰਘ ਨੂੰ ਖੇਤੀ ਵਿਭਿੰਨਤਾ ਲਈ ਬੀਬੀ ਪ੍ਰਕਾਸ਼ ਕੌਰ ਸਰਾਂ ਪੁਰਸਕਾਰ ਅਤੇ ਸ. ਜਗਦੀਪ ਸਿੰਘ ਅਤੇ ਸ. ਕਸ਼ਮੀਰਾ ਸਿੰਘ ਨੂੰ ਸੀ ਆਰ ਪੰਪਜ਼ ਪੁਰਸਕਾਰ ਪ੍ਰਦਾਨ ਕੀਤੇ ਗਏ |

ਸਮਾਰੋਹ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ| ਉਹਨਾਂ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਨਾਲ ਡਿਜ਼ੀਟਲ ਅਖਬਾਰ ਖੇਤੀ ਸੰਦੇਸ਼, ਪੀ.ਏ.ਯੂ. ਲਾਈਵ ਦੇ ਜ਼ਰੀਏ ਲਗਾਤਾਰ ਜੁੜਨ ਰਹਿਣ ਦੀ ਅਪੀਲ ਕੀਤੀ | ਮੇਲੇ ਦੌਰਾਨ ਭਾਰੀ ਗਿਣਤੀ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਵੱਲੋਂ ਖੇਤੀ ਨਾਲ ਸੰਬੰਧਿਤ ਸਮੱਗਰੀ, ਮਸ਼ੀਨਰੀ, ਸਾਹਿਤ ਅਤੇ ਹੋਰ ਵਸਤਾਂ ਦੀਆਂ ਪ੍ਰਦਰਸ਼ਨੀਆਂ ਅਤੇ ਸਟਾਲਾਂ ਲਗਾਈਆਂ ਗਈਆਂ ਸਨ |