ਲੁਧਿਆਣਾ : ਨਗਰ ਨਿਗਮ ਪ੍ਰਸ਼ਾਸਨ ਵਲੋਂ ਹਰ ਸਾਲ ਵਾਂਗ ਬਰਸਾਤੀ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਬੁੱਢੇ ਨਾਲੇ ਦੀ ਸਫਾਈ ਸ਼ੁਰੂ ਕਰ ਦਿੱਤੀ ਹੈ। ਜਿਸ ਲਈ ਦੋ ਪੋਕਲੇਨ ਮਸ਼ੀਨਾਂ ਕਿਰਾਏ ਤੇ ਲਾਈਆਂ ਹਨ ਅਤੇ ਇਕ ਹੋਰ ਮਸ਼ੀਨ ਜਲਦੀ ਕਿਰਾਏ ਤੇ ਲੈਣ ਦੀ ਹਦਾਇਤ ਮੇਅਰ ਬਲਕਾਰ ਸਿੰਘ ਸੰਧੂ ਵਲੋਂ ਅਧਿਕਾਰੀਆਂ ਨੂੰ ਦਿੱਤੀ ਗਈ ਹੈ।
ਨਗਰ ਨਿਗਮ ਪਹਿਲਾਂ ਡਰੇਨੇਜ ਵਿਭਾਗ ਤੋਂ ਬੁੱਢੇ ਦਰਿਆ ਦੀ ਸਫਾਈ ਕਰਾਉਣ ਬਦਲੇ ਕਰੀਬ ਇਕ ਕਰੋੜ ਦੀ ਅਦਾਇਗੀ ਕੀਤੀ ਜਾਂਦੀ ਰਹੀ ਹੈ ਪਰੰਤੂ ਪਿਛਲੇ ਸਾਲ ਆਪਣੇ ਪੱਧਰ ‘ਤੇ ਕਰਾਈ ਸਫਾਈ ਕਾਰਨ 70 ਲੱਖ ਖਰਚ ਘੱਟ ਆਇਆ। ਓ ਐਂਡ ਐਮ ਸੈਲ ਦੇ ਨਿਗਰਾਨ ਇੰਜੀਨੀਅਰ ਰਜਿੰਦਰ ਸਿੰਘ ਅਤੇ ਰਵਿੰਦਰ ਗਰਗ ਨੇ ਦੱਸਿਆ ਕਿ ਪਹਿਲੀ ਅਪ੍ਰੈਲ ਤੋਂ ਦੋ ਪੋਕਲੇਨ ਮਸ਼ੀਨਾਂ ਕਿਰਾਏ ਤੇ ਲੈ ਕੇ ਬੁੱਢੇ ਦਰਿਆ ਦੀ ਸਫਾਈ ਸ਼ੁਰੂ ਕਰਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਬੁੱਢੇ ਦਰਿਆ ਦੇ ਸ਼ਹਿਰ ਵਿਚ ਮੌਜੂਦ ਹਿੱਸੇ ਵਿਚੋਂ ਜਿਆਦਾਤਰ ਕਿਨਾਰੇ ਲੋਹੇ ਦੀਆਂ ਜਾਲੀਆਂ ਲੱਗ ਜਾਣ ਕਾਰਨ ਇਸ ਸਾਲ ਗੰਦਗੀ ਘੱਟ ਹੈ। ਉਨ੍ਹਾਂ ਦੱਸਿਆ ਕਿ ਬਰਸਾਤੀ ਸੀਜਨ ਦੌਰਾਨ ਬੁੱਢੇ ਦਰਿਆ ਦਾ ਪਾਣੀ ਉਵਰ ਫਲੋਅ ਹੋ ਕੇ ਆਸ ਪਾਸ ਦੇ ਇਲਾਕਿਆਂ ਵਿਚ ਵੜਨ ਤੋਂ ਰੋਕਣ ਲਈ ਬੁੱਢੇ ਦਰਿਆ ਦੀ ਕਾਫੀ ਡੂੰਘਾਈ ਤੱਕ ਜੰਮੀ ਗਾਰ (ਗੰਦਗੀ) ਕੱਢਾਈ ਜਾਵੇਗੀ।