ਲੁਧਿਆਣਾ : ਮੁੱਖ ਮੰਤਰੀ ਦੇ ਫੀਲਡ ਅਫ਼ਸਰ ਡਾ. ਪੂਨਮਪ੍ਰੀਤ ਕੌਰ ਵਲੋਂ ਸਿਵਲ ਹਸਪਤਾਲ ਲੁਧਿਆਣਾ ਦਾ ਅਚਨਚੇਤ ਨਿਰੀਖਣ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਸੁਝਾਅ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਡਾ. ਪੂਨਮਪ੍ਰੀਤ ਕੌਰ ਵਲੋਂ ਹਸਪਤਾਲ ‘ਚ ਵੱਖ-ਵੱਖ ਵਿਭਾਗਾਂ ਦੀ ਡੁੰਘਾਈ ਨਾਲ ਜਾਂਚ ਕੀਤੀ ਜਿਨ੍ਹਾਂ ਵਿੱਚ ਐਮਰਜੈਂਸੀ, ਓ.ਪੀ.ਡੀ., ਨਸ਼ਾ ਛੁਡਾਊ ਕੇਂਦਰ, ਬਲੱਡ ਬੈਂਕ, ਵੈਂਟੀਲੇਟਰ ਦੀ ਸਥਿਤੀ, ਜੱਚਾ ਬੱਚਾ ਕੇਂਦਰ, ਮਰੀਜ਼ਾਂ ਦੇ ਸਾਰੇ ਵਾਰਡ ਆਦਿ ਸ਼ਾਮਲ ਹਨ।
ਉਨ੍ਹਾਂ ਮਰੀਜ਼ਾਂ ਨਾਲ ਵੀ ਰਾਬਤਾ ਕੀਤਾ ਤਾਂ ਜੋ ਲੋੜੀਂਦੇ ਸੁਧਾਰਾਂ ਨੂੰ ਸੁਚੱਜੇ ਢੰਗ ਨਾਲ ਅਮਲੀ ਜਾਮਾ ਪਹਿਨਾਇਆ ਜਾ ਸਕੇ। ਉਨ੍ਹਾਂ ਮਰੀਜ਼ਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਦੇ ਜਲਦ ਨਿਪਟਾਰੇ ਲਈ ਵੀ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਪਾਰਕਿੰਗ, ਸਿਕਿਉਰਿਟੀ ਦੀ ਸਮੀਖਿਆ ਦੇ ਨਾਲ-ਨਾਲ ਪਖਾਨਿਆਂ ‘ਤੇ ਲਟਕੇ ਤਾਲਿਆਂ ਸਬੰਧੀ ਜਦੋਂ ਸਟਾਫ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸੀਵਰ ਜਾਮ ਦੀ ਸਮੱਸਿਆ ਬਾਰੇ ਦੱਸਿਆ।
ਡਾ. ਪੂਨਮਪ੍ਰੀਤ ਕੌਰ ਵਲੋਂ ਫੌਰੀ ਤੌਰ ‘ਤੇ ਕਾਰਵਾਈ ਕਰਦਿਆਂ ਸਬੰਧਤ ਐਸ.ਡੀ.ਓ. ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਜਲਦ ਇਸਦਾ ਢੁੱਕਵਾਂ ਹੱਲ ਕੱਢਦਿਆਂ ਪਖਾਨਿਆਂ ਨੂੰ ਚਾਲੂ ਕੀਤਾ ਜਾਵੇ। ਸਿਵਲ ਹਸਪਤਾਲ ਦੇ ਡਾਕਟਰਾਂ ਅਤੇ ਅਧਿਕਾਰੀਆਂ ਵਲੋਂ ਵੀ ਮੁੱਖ ਮੰਤਰੀ ਦੇ ਫੀਲਡ ਅਫ਼ਸਰ ਡਾ. ਪੂਨਮਪ੍ਰੀਤ ਕੌਰ ਨੂੰ ਆਪਣੀਆਂ ਵੱਖ-ਵੱਖ ਸਮੱਸਿਆਵਾਂ ਦੀ ਜਾਣਕਾਰੀ ਦਿੱਤੀ ਗਈ।