ਚੰਡੀਗੜ੍ਹ : ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਵੀਰਵਾਰ ਦੇਰ ਰਾਤ ਨੂੰ ਮੌਜੂਦਾ ਕਾਰਜਕਾਰੀ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਬਦਲ ਦਿੱਤਾ। ਉਨ੍ਹਾਂ ਦੀ ਜਗ੍ਹਾ ਸਿਧਾਰਥ ਚਟੋਪਾਧਿਆਏ ਨੂੰ ਕਾਰਜਕਾਰੀ ਡੀਜੀਪੀ ਨਿਯੁਕਤ ਕਰ ਦਿੱਤਾ ਹੈ। ਚਟੋਪਾਧਿਆਏ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਸੰਦ ਹਨ। ਉਹ ਲਗਾਤਾਰ ਉਨ੍ਹਾਂ ਦੀ ਪੈਰਵੀ ਕਰਦੇ ਰਹੇ ਹਨ। ਸਹੋਤਾ ਨੂੰ ਡੀਜੀਪੀ ਨਿਯੁਕਤ ਕਰਨ ’ਤੇ ਸਿੱਧੂ ਨੇ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਤਕ ਦੇ ਦਿੱਤਾ ਸੀ।
ਮੰਨਿਆ ਜਾ ਰਿਹਾ ਹੈ ਕਿ ਇਸ ਨਿਯੁਕਤੀ ਤੋਂ ਬਾਅਦ ਡਰੱਗਜ਼ ਅਤੇ ਬੇਅਦਬੀ ਦੇ ਮਾਮਲੇ ਵਿਚ ਵੱਡੀ ਕਾਰਵਾਈ ਹੋ ਸਕਦੀ ਹੈ। ਬਿਊਰੋ ਆਫ ਇਨਵੈਸਟੀਗੇਸ਼ਨ ਦੇ ਮੁਖੀ ਐੱਸਕੇ ਅਸਥਾਨਾ ਦਾ ਪੱਤਰ ਲੀਕ ਹੋਣ ਅਤੇ ਮੁੱਖ ਮੰਤਰੀ ਦੇ ਇਸ ਮਾਮਲੇ ਵਿਚ ਕੇਸ ਦਰਜ ਕਰਨ ਦੇ ਬਾਵਜੂਦ ਤਿੰਨ ਦਿਨਾਂ ਤਕ ਕੋਈ ਕਾਰਵਾਈ ਨਾ ਹੋਣ ਤੋਂ ਬਾਅਦ ਹੋਈ ਇਹ ਨਿਯੁਕਤੀ ਮਹੱਤਵਪੂਰਨ ਹੈ।
ਡਰੱਗਜ਼ ਮਾਮਲੇ ਦੀ ਜਾਂਚ ਫਿਰ ਤੋਂ ਕਰਨ ਨੂੰ ਲੈ ਕੇ ਐੱਸਕੇ ਅਸਥਾਨਾ ਨੇ 40 ਪੰਨਿਆਂ ਦੀ ਚਿੱਠੀ ਡੀਜੀਪੀ ਇਕਬਾਲ ਪ੍ਰੀਤ ਸਿੰਘ ਨੂੰ ਲਿਖੀ ਸੀ ਜਿਸ ਦਾ ਕੁਝ ਹਿੱਸਾ ਲੀਕ ਹੋ ਗਿਆ ਸੀ। ਲੀਕ ਹੋਏ ਅੰਸ਼ ਵਿਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਸੀ ਕਿ ਜੇ ਹਾਈ ਕੋਰਟ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਸ਼੍ਰੋਮਣੀ ਅਕਾਲੀ ਦਲ ਨੇਤਾ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਿਹਾ ਤਾਂ ਉਹ ਕਾਰਵਾਈ ਕਿਵੇਂ ਕਰ ਸਕਦੇ ਹਨ।
ਅੰਸ਼ ਲੀਕ ਹੋਣ ’ਤੇ 14 ਤਰੀਕ ਨੂੰ ਹੀ ਮੁੱਖ ਮੰਤਰੀ ਨੇ ਨੋਟਿਸ ਲੈਂਦੇ ਹੋਏ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਸਨ ਪਰ 16 ਤਰੀਕ ਤਕ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਕੋਈ ਕੇਸ ਦਰਜ ਕੀਤਾ।