ਲੁਧਿਆਣਾ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਹਿਰਾਸਤ ਵਿਚ ਲਏ ਜਾਣ ਮਗਰੋਂ ਰੇਤ ਮਾਫੀਆ ਨੂੰ ਭਾਜੜਾ ਪਈਆਂ ਹੋਈਆਂ ਹਨ। ਨਾਜਾਇਜ਼ ਰੇਤ ਮਾਈਨਿੰਗ ਦੇ ਕਾਲੇ ਧੰਦੇ ਵਿਚ ਹਨੀ ਦੇ ਨੇੜਲੇ ਲੋਕ ਰੂਪੋਸ਼ ਹੋ ਚੁੱਕੇ ਹਨ। ਸੂਤਰਾਂ ਦੀ ਮੰਨੀਏ ਤਾਂ ਈਡੀ ਦੀ ਰਾਡਾਰ ਮੋਗਾ, ਪਠਾਨਕੋਟ, ਚੰਡੀਗਡ਼੍ਹ ਤੇ ਜੰਮੂ ਵਿਚ ਰੇਤ ਦਾ ਕਾਰੋਬਾਰ ਕਰਨ ਵਾਲੇ ਠੇਕੇਦਾਰ ਵੀ ਹਨ।
ਈਡੀ ਦੀ ਕਾਰਵਾਈ ਮਗਰੋਂ ਲੁਧਿਆਣਾ ਵਿਚ ਨਾਜਾਇਜ਼ ਰੇਤ ਦੇ ਕਾਰੋਬਾਰ ਨਾਲ ਜੁੜੇ ਅਨਸਰਾਂ ਨੂੰ ਭਾਜੜ ਪਈ ਹੋਈ ਹੈ। ਪੂਰਾ ਦਿਨ ਇਹ ਸਾਰੇ ਜਣੇ ਫੋਨ ’ਤੇ ਇਕ-ਦੂਜੇ ਤੋਂ ਜਾਣਕਾਰੀ ਹਾਸਿਲ ਕਰਦੇ ਰਹੇ। ਹਨੀ ਦਾ ਇਕ ਘਰ ਲੁਧਿਆਣੇ ਦੇ ਐੱਸਬੀਐੱਸ ਨਗਰ ਵਿਚ ਹੈ ਜਦਕਿ ਇਸ ਮਾਮਲੇ ਵਿਚ ਇਕ ਹੋਰ ਨਾਂ ਸੰਦੀਪ ਦਾ ਆ ਰਿਹਾ ਹੈ ਜੋ ਕਿ ਲੁਧਿਆਣੇ ਦਾ ਵਸਨੀਕ ਹੈ।
ਜਾਣਕਾਰ ਸੂਤਰਾਂ ਮੁਤਾਬਕ ਪੰਜਾਬ ਵਿਚ ਪੁਟਾਈ ਦਾ ਕੰਮ ਜੰਮੂ ਤੇ ਚੰਡੀਗਡ਼੍ਹ ਦੇ 2 ਜਣੇ ਵੇਖ ਰਹੇ ਹਨ। ਹਨੀ ਇਨ੍ਹਾਂ ਦੇ ਸੰਪਰਕ ਵਿਚ ਸੀ। ਇਸ ਲਈ ਗੇਮ ਰਲ ਮਿਲ ਕੇ ਖੇਡੀ ਜਾ ਰਹੀ ਸੀ। ਇੱਥੋਂ ਤਕ ਕਿ ਮੋਗਾ ਤੇ ਪਠਾਨਕੋਟ ਇਲਾਕੇ ਵਿਚ ਰੇਤ ਦੀ ਖੇਡ ਚੱਲ ਰਹੀ ਸੀ। ਈਡੀ ਇਸ ਮਾਮਲੇ ਵਿਚ ਇਕ ਜਣੇ ਨੂੁੰ ਪੇਸ਼ ਹੋਣ ਲਈ ਨੋਟਿਸ ਘੱਲ ਚੁੱਕੀ ਹੈ। ਜਦਕਿ ਉਹ ਹਾਲੇ ਤਕ ਈਡੀ ਅੱਗੇ ਪੇਸ਼ ਨਹੀਂ ਹੋਇਆ ਹੈ।