ਲੁਧਿਆਣਾ : ਫਾਸਟਨਰ ਸਪਲਾਇਰਜ਼ ਐਸੋਸੀਏਸ਼ਨ ਦੀ ਸਾਲਾਨਾ ਜਨਰਲ ਮੀਟਿੰਗ ਹੋਟਲ ਸਿਲਵਰ ਸਟੋਨ ਵਿਖੇ ਪ੍ਰਧਾਨ ਰਾਜ ਕੁਮਾਰ ਸਿੰਗਲਾ ਦੀ ਅਗਵਾਈ ਵਿਚ ਹੋਈ, ਜਿਸ ਵਿਚ ਹਾਜ਼ਰ ਕਾਰੋਬਾਰੀਆਂ ਤੇ ਸਨਅਤਕਾਰਾਂ ਨੇ ਕੇਂਦਰ ਸਰਕਾਰ ਵਲੋਂ ਲੋਹੇ ਦੀਆਂ ਕੀਮਤਾਂ ਸਥਿਰ ਨਾ ਕਰਨ ਦੀ ਸੂਰਤ ਵਿਚ ਕੇਂਦਰ ਸਰਕਾਰ ਖਿਲਾਫ ਆਰ-ਪਾਰ ਦਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ।
ਏ.ਜੀ.ਐਮ. ਵਿਚ ਵਿਸ਼ੇਸ਼ ਤੌਰ ‘ਤੇ ਫਾਸਟਨਰ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਭੰਮਰਾ ਅਤੇ ਫ਼ੈਡਰੇਸ਼ਨ ਆਫ਼ ਪੰਜਾਬ ਸਮਾਲ ਇੰਡਸਟਰੀਜ਼ ਐਸੋਸੀਏਸ਼ਨ (ਫੋਪਸੀਆ) ਦੇ ਪ੍ਰਧਾਨ ਬਦੀਸ਼ ਜਿੰਦਲ ਸ਼ਾਮਿਲ ਹੋਏ। ਮੀਟਿੰਗ ਵਿਚ ਪ੍ਰਧਾਨ ਰਾਜ ਕੁਮਾਰ ਸਿੰਗਲਾ ਨੇ ਐਸੋਸੀਏਸ਼ਨ ਦਾ ਸਾਲ ਭਰ ਦਾ ਲੇਖਾ-ਜੋਖਾ ਪੇਸ਼ ਕੀਤਾ, ਜਿਸ ਨੂੰ ਸਾਰੇ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ।
ਸ੍ਰੀ ਸਿੰਗਲਾ ਨੇ ਕਿਹਾ ਕਿ ਕੋਰੋਨਾ ਕਾਲ ਕਰਕੇ ਲੋਹੇ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ ਜਿਸ ਨਾਲ ਸਨਅਤਕਾਰ ਆਰਥਿਕ ਮੰਦਹਾਲੀ ‘ਚੋਂ ਲੰਘ ਰਹੇ ਹਨ ਅਤੇ ਉਨ੍ਹਾਂ ਨੂੰ ਮੁਨਾਫ਼ਾ ਹੋਣ ਦੀ ਬਜਾਏ ਘਾਟਾ ਪੈ ਰਿਹਾ ਹੈ। ਜੇਕਰ ਕੇਂਦਰ ਸਰਕਾਰ ਨੇ ਲੋਹੇ ਦੀਆਂ ਕੀਮਤਾਂ ਸਥਿਰ ਕਰਕੇ ਸਨਅਤਕਾਰਾਂ ਦੀ ਬਾਂਹ ਨਾ ਫੜ੍ਹੀ ਤਾਂ ਆਉਣ ਵਾਲੇ ਸਮੇਂ ਵਿਚ ਵੱਡੀ ਪੱਧਰ ‘ਤੇ ਕਾਰਖ਼ਾਨੇ ਬੰਦ ਹੋ ਜਾਣਗੇ।
ਸ. ਭੰਮਰਾ ਨੇ ਕਿਹਾ ਕਿ ਲੋਹੇ ਦੀਆਂ ਕੀਮਤਾਂ ਸਥਿਰ ਨਾ ਹੋਣ ਕਰਕੇ ਸਾਰੀ ਇੰਜੀਨੀਅਰਿੰਗ ਸਨਅਤ ਬੜੇ ਔਖੇ ਸਮੇਂ ਵਿਚੋਂ ਲੰਘ ਰਹੀ ਹੈ। ਜੇਕਰ ਕੇਂਦਰ ਨੇ ਲੋਹੇ ਦੀਆਂ ਕੀਮਤਾਂ ਸਥਿਰ ਰੱਖਣ ਵਾਲੇ ਪਾਸੇ ਕੋਈ ਕਦਮ ਨਾ ਚੁੱਕਿਆ ਤਾਂ ਇਸ ਨਾਲ ਕਾਰਖਾਨੇਦਾਰਾਂ ਦੇ ਹਲਾਤ ਵਿਗੜ ਸਕਦੇ ਹਨ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਲੋਹੇ ਦੀਆਂ ਕੀਮਤਾਂ ਸਥਿਰ ਕਰਨ ਲਈ ਛੇਤੀ ਕੋਈ ਨੀਤੀ ਲੈ ਕੇ ਆਵੇ ਅਤੇ ਜੇਕਰ ਕੇਂਦਰ ਨੇ ਅਜਿਹਾ ਨਾ ਕੀਤਾ ਤਾਂ ਸਨਅਤਕਾਰਾਂ ਨੂੰ ਸੰਘਰਸ਼ ਦੇ ਰਾਹ ਤੁਰਨਾ ਪਵੇਗਾ।