ਲੁਧਿਆਣਾ : ਸੂਬੇ ਦੇ ਹੋਰਨਾਂ ਜ਼ਿਲਿ੍ਆਂ ਦੀ ਤਰ੍ਹਾਂ ਲੁਧਿਆਣਾ ਵਿਚ ਵੀ ਲੋਕਾਂ ਨੂੰ ਅੱਖਾਂ ਨਾਲ ਸਬੰਧਿਤ ਕਾਲ਼ਾ ਮੋਤੀਆ ਨਾ ਦੀ ਬੀਮਾਰੀ ਤੋਂ ਅਗਾਉਂ ਬਚਾਅ ਲਈ ਜਾਗਰੂਕ ਕਰਨ ਲਈ ਹਫਤਾਵਾਰੀ ਪ੍ਰੋਗਰਾਮ ਸ਼ੁਰੂ ਹੋ ਗਏ ਹਨ। ਪੱਖੋਵਾਲ ਰੋਡ ਸਥਿਤ ਰਾਣਾ ਹਸਪਤਾਲ ਸ਼ਹੀਦ ਭਗਤ ਸਿੰਘ ਨਗਰ ਵਿਚ ਕਰਵਾਏ ਗਏ ਜਾਗਰੂਕਤਾ ਸਮਾਗਮ ਦੌਰਾਨ ਹਸਪਤਾਲ ਦੇ ਮੁੱਖ ਪ੍ਰਬੰਧਕ ਤੇ ਅੱਖ ਰੋਗਾਂ ਦੇ ਮਾਹਿਰ ਡਾ. ਬਰਜਿੰਦਰ ਸਿੰਘ ਰਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿਚ 5 ਫੀਸਦੀ ਲੋਕ ਅੱਖਾਂ ਦੀ ਬਿਮਾਰੀ ਕਾਲਾ ਮੋਤੀਆ ਤੋਂ ਪ੍ਰਭਾਵਿਤ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਵੇਲੇ ਸਮੁੱਚੇ ਦੇਸ਼ ‘ਚ 11.2 ਮਿਲੀਅਨ ਲੋਕ ਇਸ ਬੀਮਾਰੀ ਦੀ ਲਪੇਟ ਵਿਚ ਹਨ। ਉਨ੍ਹਾਂ ਦੱਸਿਆ ਕਿ ਸੰਸਾਰ ‘ਚ ਜਿੰਨੇ ਵੀ ਲੋਕ ਅੰਨ੍ਹੇਪਣ ਦਾ ਸ਼ਿਕਾਰ ਹਨ, ਉਨ੍ਹਾਂ ‘ਚੋਂ 8 ਫੀਸਦੀ ਲੋਕ ਕਾਲਾ ਮੋਤੀਆ ਦਾ ਸਮੇਂ ਸਿਰ ਇਲਾਜ ਨਾ ਕਰਵਾਉਣ ਕਾਰਨ ਹੋਏ ਹਨ। ਉਨ੍ਹਾਂ ਦੱਸਿਆ ਕਿ ਕਾਲਾ ਮੋਤੀਆ ਲਾਇਲਾਜ ਨਹੀਂ ਹੈ, ਕਿਉਂਕਿ ਇਸ ਦਾ ਡਾਕਟਰੀ ਇਲਾਜ ਸੰਭਵ ਹੈ।
ਇਸੇ ਤਰ੍ਹਾਂ ਹੀ ਸਿਵਲ ਸਰਜਨ ਡਾ.ਐਸ.ਪੀ. ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਭਰ ‘ਚ ਵਿਸ਼ਵ ਗਲੋਕੋਮਾ ਹਫ਼ਤਾ 12 ਮਾਰਚ ਤੱਕ ਮਨਾਏ ਜਾਣ ਲਈ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਹੋ ਗਏ ਹਨ। ਇਸ ਮੌਕੇ ਅੱਖਾਂ ਦੇ ਮਾਹਿਰ ਡਾ. ਮਨੂੰ ਵਿਜ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਇਸ ਹਫ਼ਤੇ ਦੇ ਚੱਲਦਿਆਂ ਆਮ ਲੋਕਾਂ ਨੂੰ ਕਾਲਾ ਮੋਤੀਆ ਦੀ ਬਿਮਾਰੀ ਦੇ ਲੱਛਣ ਅਤੇ ਬਚਾਅ ਸਬੰਧੀ ਜਾਗਰੂਕ ਕੀਤਾ ਜਾਵੇਗਾ।
ਇਸ ਬਿਮਾਰੀ ਤੋਂ ਪੀੜਤ ਮਰੀਜਾਂ ਨੂੰ ਮੁਫ਼ਤ ਦਵਾਈਆਂ ਦਿੱਤੀਆ ਜਾਣਗੀਆਂ ਤੇ ਕਾਲਾ ਮੋਤੀਆ ਦੀ ਸ਼ਿਕਾਇਤ ਹੋਣ ਵਾਲੇ ਮਰੀਜਾਂ ਦੇ ਮੁਫ਼ਤ ਆਪ੍ਰੇਸ਼ਨ ਵੀ ਕੀਤੇ ਜਾਣਗੇ। ਡਾ. ਵਿਜ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿਹਤ ਵਿਭਾਗ ਵਲੋਂ ਮਨਾਏ ਜਾ ਰਹੇ ਇਸ ਹਫ਼ਤੇ ਦਾ ਵੱਧ ਤੋ ਵੱਧ ਲਾਹਾ ਲੈਣ।