ਲੁਧਿਆਣਾ : ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਔਰਤ ਨਾਲ ਲੱਖਾਂ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਦੋ ਟਰੈਵਲ ਏਜੰਟਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਪਿੰਡ ਸਿਆੜ ਦੀ ਰਹਿਣ ਵਾਲੀ ਜਸਜੋਤ ਕੌਰ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਅਤੇ ਇਸ ਸਬੰਧੀ ਪੁਲਿਸ ਨੇ ਜੰਗਲ ਟੂਰਿਜ਼ਮ ਗੋਰਖਪੁਰ ਉੱਤਰ ਪ੍ਰਦੇਸ਼ ਦੇ ਅਮਿਤ ਕੁਮਾਰ ਅਤੇ ਇਮਤਿਆਜ਼ ਅਹਿਮਦ ਖਿਲਾਫ਼ ਕੇਸ ਦਰਜ ਕੀਤਾ ਹੈ।
ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਬਿ੍ਟਿਸ਼ ਕੌਂਸਲ ਦੇ ਨਾਮ ‘ਤੇ ਇੰਸਟਾਗ੍ਰਾਮ ਤੇ ਆਪਣੀ ਆਈ. ਡੀ. ਬਣਾਈ ਹੋਈ ਹੈ। ਉਸ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਉਸ ਨੂੰ ਆਨਲਾਈਨ ਆਈਲੈਟਸ ਅਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਪਾਸੋਂ 13 ਲੱਖ ਰੁਪਏ ਦੇ ਕਰੀਬ ਨਕਦੀ ਲੈ ਲਈ ਪਰ ਕਥਿਤ ਦੋਸ਼ੀਆਂ ਨੇ ਉਸ ਨੂੰ ਵਿਦੇਸ਼ ਨਹੀਂ ਭੇਜਿਆ, ਜਿਸ ‘ਤੇ ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ।