ਲੁਧਿਆਣਾ : ਜਾਇਦਾਦ ਦੇ ਮਾਮਲੇ ਵਿਚ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਸਨਅਤਕਾਰ ਰਿਆਤ ਭਰਾਵਾਂ ਖ਼ਿਲਾਫ਼ ਵੱਖ ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਬਸੰਤ ਐਵਨਿਊ ਦੇ ਰਹਿਣ ਵਾਲੇ ਚਮਕੌਰ ਸਿੰਘ ਪੁੱਤਰ ਅਜੀਤ ਸਿੰਘ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਉਂਦੀ ਹੈ ਤੇ ਇਸ ਮਾਮਲੇ ਵਿਚ ਪੁਲਿਸ ਨੇ ਜਸਵੀਰ ਸਿੰਘ ਰਿਆਤ ਅਤੇ ਉਸਦੇ ਭਰਾ ਸੁਰਿੰਦਰ ਸਿੰਘ ਰਿਆਤ ਪੁਤਰਾਨ ਜਗਤ ਸਿੰਘ ਵਾਸੀ ਭਾਈ ਰਣਧੀਰ ਸਿੰਘ ਨਗਰ ਖ਼ਿਲਾਫ਼ ਵੱਖ ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਉਕਤ ਕਥਿਤ ਦੋਸ਼ੀਆਂ ਪਾਸੋਂ ਖੇਤੀਬਾੜੀ ਯੋਗ ਜ਼ਮੀਨ ਸਾਢੇ ਸੱਤ ਏਕੜ ਵਾਕਿਆ ਪਿੰਡ ਇਆਲੀ ਅਤੇ ਪੰਜ-ਪੰਜ ਸੌ ਗਜ਼ ਦੇ ਤਿੰਨ ਪਲਾਟ ਖ਼ਰੀਦ ਕੀਤੇ ਸਨ। ਇਨ੍ਹਾਂ ਵਿਚੋਂ ਕਥਿਤ ਦੋਸ਼ੀਆਂ ਨੇ ਦੋ ਏਕੜ ਜ਼ਮੀਨ ਦੀ ਰਜਿਸਟਰੀ ਉਸ ਦੇ ਨਾਮ ‘ਤੇ ਕਰਵਾ ਦਿੱਤੀ, ਜਦਕਿ ਬਾਕੀ ਪੰਜ ਏਕੜ ਜ਼ਮੀਨ ਦੀ ਰਜਿਸਟਰੀ ਨਾ ਕਰਵਾ ਕੇ ਸ਼ਿਕਾਇਤਕਰਤਾ ਨਾਲ ਧੋਖਾਧੜੀ ਅਤੇ ਠੱਗੀ ਕੀਤੀ ਹੈ।
ਚਮਕੌਰ ਸਿੰਘ ਵਲੋਂ ਇਸ ਸਬੰਧੀ ਕਈ ਵਾਰ ਦੋਵਾਂ ਸਨਅਤਕਾਰ ਭਰਾਵਾਂ ਨੂੰ ਰਜਿਸਟਰੀ ਕਰਵਾਉਣ ਲਈ ਕਿਹਾ ਗਿਆ ਸੀ, ਪਰ ਜਦੋਂ ਉਕਤ ਕਥਿਤ ਦੋਸ਼ੀਆਂ ਨੇ ਰਜਿਸਟਰੀ ਕਰਵਾਉਣ ਤੋਂ ਮਨ੍ਹਾ ਕੀਤਾ ਤਾਂ ਚਮਕੌਰ ਸਿੰਘ ਨੇ ਇਹ ਸਾਰਾ ਮਾਮਲਾ ਪੁਲਿਸ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ। ਪੁਲਿਸ ਵਲੋਂ ਇਸ ਸਬੰਧੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਸਨ।