ਲੁਧਿਆਣਾ : ਪੁਲਿਸ ਨੇ ਜਾਇਦਾਦ ਦੇ ਮਾਮਲੇ ‘ਚ ਠੱਗੀ ਮਾਰਨ ਵਾਲੇ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਯਸ਼ਪਾਲ ਆਹੂਜਾ ਵਾਸੀ ਘੁਮਾਰ ਮੰਡੀ ਦੀ ਸ਼ਿਕਾਇਤ ‘ਤੇ ਅਮਲ ‘ਚ ਲਿਆਂਦੀ ਹੈ ਅਤੇ ਇਸ ਮਾਮਲੇ ‘ਚ ਨੀਨਾ ਛਾਬੜਾ ਤੇ ਉਸ ਦੇ ਪਤੀ ਹਿਤੇਸ਼ ਛਾਬੜਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਪੁਲਿਸ ਕੋਲ ਲਿਖਵਾਈ ਮੁੱਢਲੀ ਰਿਪੋਰਟ ‘ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਇਕ ਜਾਇਦਾਦ ਵਾਕਿਆ ਬਾਗ਼ ਸੂਫ਼ੀਆਂ ਵਾਲੀ ਗਲੀ ਕਥਿਤ ਦੋਸ਼ੀਆਂ ਪਾਸੋਂ ਖ਼ਰੀਦ ਕੀਤੀ ਸੀ। ਕਥਿਤ ਦੋਸ਼ੀਆਂ ਨੇ ਇਸ ਜਾਇਦਾਦ ‘ਤੇ ਪਹਿਲਾਂ ਹੀ ਕਰਜ਼ਾ ਲਿਆ ਹੋਇਆ ਸੀ, ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਕਥਿਤ ਦੋਸ਼ੀਆਂ ਪਾਸੋਂ ਆਪਣੇ ਪੈਸਿਆਂ ਦੀ ਮੰਗ ਕੀਤੀ।
ਕਥਿਤ ਦੋਸ਼ੀਆਂ ਨੇ ਚੈੱਕ ਰਾਹੀਂ ਉਨ੍ਹਾਂ ਨੂੰ ਪੈਸੇ ਦੇ ਦਿੱਤੇ, ਪਰ ਚੈੱਕ ਬੈਂਕ ‘ਚ ਭੇਜਣ ‘ਤੇ ਫ਼ੇਲ੍ਹ ਹੋ ਗਏ, ਜਿਸ ‘ਤੇੇ ਯਸ਼ਪਾਲ ਆਹੂਜਾ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ‘ਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਕਥਿਤ ਦੋਸ਼ੀ ਫ਼ਰਾਰ ਦੱਸੇ ਜਾਂਦੇ ਹਨ।