ਲੁਧਿਆਣਾ : ਕੱਟੜਪੰਥੀਆਂ ਖਿਲਾਫ਼ ਸੁਰਖੀਆਂ ਬਟੋਰਨ ਵਾਲੇ ਕਾਂਗਰਸੀ ਆਗੂ ਗੁਰਸਿਮਰਨ ਮੰਡ ਖਿਲਾਫ਼ ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਹੈ। ਇਹ ਅਪਰਾਧਿਕ ਮਾਮਲਾ ਸਾਢੇ ਤਿੰਨ ਸਾਲ ਪਹਿਲਾਂ ਵਾਪਰੀ ਇਕ ਘਟਨਾ ਵਿੱਚ ਦਰਜ ਕੀਤਾ ਗਿਆ ਹੈ। ਦਰਅਸਲ, ਮੰਡ ਨੇ ਆਪਣੀ ਪੱਗ ਲਾਹ ਕੇ ਸਲੇਮ ਟਾਬਰੀ ਦੇ ਇਕ ਪਾਰਕ ਵਿੱਚ ਰਾਜੀਵ ਗਾਂਧੀ ਦੇ ਬੁੱਤ ‘ਤੇ ਵਿਛਾਈ ਗਈ ਸ਼ਾਹੀ ਨੂੰ ਸਾਫ਼ ਕੀਤਾ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਸਿੱਖ ਮਰਿਆਦਾ ਬਾਰੇ ਅਪਮਾਨਜਨਕ ਸ਼ਬਦ ਬੋਲੇ ਸਨ।
ਜ਼ਿਕਰਯੋਗ ਹੈ ਕਿ 25 ਦਸੰਬਰ 2018 ਨੂੰ ਤਤਕਾਲੀ ਯੂਥ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਆਪਣੇ ਸਾਥੀ ਨਾਲ ਮਿਲ ਕੇ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ ਲਗਾ ਦਿੱਤੀ ਸੀ ਤੇ ਉਥੋਂ ਚਲੇ ਗਏ ਸਨ। ਇਸ ਉਪਰੰਤ ਮੰਡ ਨੇ ਸਭ ਤੋਂ ਪਹਿਲਾਂ ਮੌਕੇ ‘ਤੇ ਪਹੁੰਚ ਕੇ ਪੱਗ ਉਤਾਰ ਕੇ ਬੁੱਤ ਦੀ ਸਫ਼ਾਈ ਕੀਤੀ। 
ਦੁੱਗਰੀ ਨਿਵਾਸੀ ਮਨਮੀਤ ਸਿੰਘ ਨੇ ਇਸ ਸਬੰਧੀ 12 ਜੁਲਾਈ 2021 ਨੂੰ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਸੀ। ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਗੁਰਸਿਮਰਨ ਸਿੰਘ ਮੰਡ ਨੇ ਦਸਤਾਰ ਨਾਲ ਬੁੱਤ ਸਾਫ਼ ਕਰਕੇ ਰਾਜੀਵ ਗਾਂਧੀ ਨੂੰ ਗੁਰੂ ਸਾਹਿਬਾਨ ਤੋਂ ਉੱਪਰ ਦੱਸਿਆ ਸੀ। ਪੁਲਿਸ ਨੇ ਗੁਰਸਿਮਰਨ ਸਿੰਘ ਮੰਡ ਖ਼ਿਲਾਫ਼ ਥਾਣਾ ਸਲੇਮ ਟਾਬਰੀ ਵਿੱਚ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ। ਮੰਡ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ।