ਲੁਧਿਆਣਾ : ਗੁਰਦਾਸਪੁਰ ਦੇ ਰਹਿਣ ਵਾਲੇ ਇਕ ਪਰਿਵਾਰ ਦੇ ਤਿੰਨ ਜੀਆਂ ਨੇ ਜਨਤਾ ਨਗਰ ਲੁਧਿਆਣਾ ਦੇ ਵਾਸੀ ਨਵਪ੍ਰੀਤ ਸਿੰਘ ਨਾਲ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਸੱਤ ਲੱਖ ਰੁਪਏ ਦੀ ਧੋਖਾਧੜੀ ਕੀਤੀ । ਇਸ ਮਾਮਲੇ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੰਦਿਆਂ ਨਵਪ੍ਰੀਤ ਨੇ ਦੱਸਿਆ ਕਿ ਸਾਲ 2021 ਦੀ ਸ਼ੁਰੂਅਾਤ ਵਿੱਚ ਉਸ ਨੇ ਕੈਨੇਡਾ ਜਾਣ ਦੀ ਤਿਆਰੀ ਕੀਤੀ ।
ਇਸੇ ਦੌਰਾਨ ਨਵਪ੍ਰੀਤ ਦੇ ਇੱਕ ਵਾਕਫ਼ ਵਿਅਕਤੀ ਨੇ ਗੁਰਦਾਸਪੁਰ ਦੇ ਰਹਿਣ ਵਾਲੇ ਮੁਲਜ਼ਮ ਰਣਜੀਤ ਸਿੰਘ, ਰਿਸ਼ਭਜੀਤ ਸਿੰਘ ਅਤੇ ਕੁਲਜੀਤ ਕੌਰ ਦੀ ਦੱਸ ਪਾਉਂਦਿਆਂ ਇਹ ਦੱਸਿਆ ਕਿ ਉਹ ਬੜੀ ਆਸਾਨੀ ਨਾਲ ਉਸ ਨੂੰ ਕੈਨੇਡਾ ਭੇਜ ਦੇਣਗੇ । ਮੁਲਜ਼ਮਾਂ ਨੇ ਵਿਦੇਸ਼ ਭੇਜਣ ਦੀ ਗੱਲ ਆਖ ਕੇ ਨਵਪ੍ਰੀਤ ਕੋਲੋਂ ਸੱਤ ਲੱਖ ਰੁਪਏ ਦੀ ਨਕਦੀ ਹਾਸਲ ਕਰ ਲਈ। ਕਈ ਮਹੀਨਿਆਂ ਤਕ ਉਸ ਨੂੰ ਨਾ ਤਾਂ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਗਏ ।
ਅਪ੍ਰੈਲ ਮਹੀਨੇ ਨਵਪ੍ਰੀਤ ਨੇ ਇਸਦੀ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ।ਤਕਰੀਬਨ ਇੱਕ ਸਾਲ ਤਕ ਚੱਲੀ ਜਾਂਚ ਤੋਂ ਬਾਅਦ ਪੁਲਿਸ ਨੇ ਔਰਤ ਅਤੇ ਉਸ ਦੇ ਦੋਵਾਂ ਪੁੱਤਰਾਂ ਦੇ ਖ਼ਿਲਾਫ ਕੇਸ ਦਰਜ ਕਰ ਲਿਆ ਹੈ । ਥਾਣਾ ਸ਼ਿਮਲਾਪੁਰੀ ਦੀ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ