ਲੁਧਿਆਣਾ : ਨਗਰ ਨਿਗਮ ਪ੍ਰਸ਼ਾਸਨ ਵਲੋ ਲਗਾਤਾਰ ਹੀ ਨਜਾਇਜ਼ ਉਸਾਰੀਆਂ ‘ਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਅਤੇ ਨਗਰ ਨਿਗਮ ਕਾਫੀ ਸਖ਼ਤ ਮੂਡ ਵਿੱਚ ਨਜ਼ਰ ਆ ਰਿਹਾ ਹੈ ਅਤੇ ਨਿਯਮਾਂ ਦੀ ਉਲੰਘਣਾ ਹੋਣ ‘ਤੇ ਬੁਲਡੋਜਰ ਚਲਾਕੇ ਜ਼ੋਰਦਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਜ਼ੋਨ-ਸੀ ਦੀ ਇਮਾਰਤੀ ਸ਼ਾਖਾ ਵਲੋਂ ਡਾਬਾ, ਗਿੱਲ ਰੋਡ ਅਤੇ ਹੋਰ ਇਲਾਕਿਆਂ ਵਿਚ ਬੁਲਡੋਜਰ ਚਲਾਕੇ ਨਾਜਾਇਜ਼ ਉਸਾਰੀਆਂ ਢਾਹ ਦਿੱਤੀਆਂ ਗਈਆਂ।
ਇਸ ਦੇ ਨਾਲ-ਨਾਲ ਗਿੱਲ ਚੌਕ ਨੇੜੇ ਸੜਕ ਉਪਰ ਕੀਤੀ ਉਸਾਰੀ ਨੂੰ ਬੁਲਡਜੋਰ ਚਲਾਕੇ ਤੋੜ ਦਿੱਤਾ ਗਿਆ। ਇਮਾਰਤੀ ਸ਼ਾਖਾ ਨੂੰ ਸੜਕ ਉਪਰ ਨਾਜਾਇਜ਼ ਕਬਜ਼ਾ ਕਰਕੇ ਉਸਾਰੀ ਹੋਣ ਦੀ ਸ਼ਿਕਾਇਤ ਮਿਲੀ ਸੀ ਜਿਸ ਦੇ ਚੱਲਦਿਆਂ ਇਹ ਕਾਰਵਾਈ ਕੀਤੀ ਗਈ। ਇਸ ਦੇ ਨਾਲ-ਨਾਲ ਇਮਾਰਤੀ ਸ਼ਾਖਾ ਦੇ ਨਿਯਮਾਂ ਦੀ ਉਲੰਘਣਾ ਹੋਣ ਤੇ ਨਗਰ ਨਿਗਮ ਵਲੋਂ ਦੁਕਾਨਾਂ ਦੀ ਸੀਲੀਂਗ ਵੀ ਕੀਤੀ ਜਾ ਰਹੀ ਹੈ।
ਨਗਰ ਨਿਗਮ ਵੱਲੋ ਕੀਤੀ ਇਸ ਕਾਰਵਾਈ ਮੌਕੇ ਇਮਾਰਤੀ ਸ਼ਾਖਾ ਦੇ ਅਨੇਕਾਂ ਅਧਿਕਾਰੀ ਕਰਮਚਾਰੀ ਮੌਜੂਦ ਸਨ। ਅਕਸਰ ਨਿਗਮ ਨੂੰ ਲੋਕਾਂ ਦੀ ਵਿਰੋਧਤਾ ਦਾ ਸਾਮਹਣਾ ਵੀ ਕਰਨਾ ਪੈਂਦਾ ਹੈ ਪਰ ਇਸ ਦੇ ਬਾਵਜੂਦ ਕਾਰਵਾਈਆਂ ਜਾਰੀ ਹਨ। ਗੱਲਬਾਤ ਦੌਰਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਨਿਯਮਾਂ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਕਾਰਵਾਈਆਂ ਚਲਦੀਆਂ ਰਹਿਣਗੀਆਂ।