ਲੁਧਿਆਣਾ : ਮਿਲੀ ਜਾਣਕਾਰੀ ਅਨੁਸਾਰ ਨਗਰ ਨਿਗਮ ਵਲੋਂ ਹੈਬੋਵਾਲ ਇਲਾਕੇੇ ਦੇ ਕੁੰਜ ਵਿਹਾਰ, ਨੂਰ ਵਿਲ੍ਹਾ ਅਤੇ ਮੱਲ੍ਹੀ ਰੋਡ ‘ਤੇ ਬਣ ਰਹੀਆਂ 5 ਗੈਰ-ਕਾਨੂੰਨੀ ਇਮਾਰਤਾਂ ਨੂੰ ਢਾਹ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਨਗਰ ਨਿਗਮ ਤੋਂ ਬਿਲਡਿੰਗ ਦਾ ਨਕਸ਼ਾ ਮਨਜ਼ੂਰ ਕਰਵਾਏ ਬਿਨਾਂ ਹੀ ਮਾਲਕ ਇਮਾਰਤਾਂ ਦੀ ਉਸਾਰੀ ਕਰ ਰਹੇ ਸਨ ਅਤੇ ਇਮਾਰਤੀ ਨਿਯਮਾਂ ਦੀ ਉਲੰਘਣਾ ਕਰਕੇ ਇਮਾਰਤਾਂ ਦੀ ਉਸਾਰੀ ਕੀਤੀ ਜਾ ਰਹੀ ਸੀ।
ਕੁੰਜ ਵਿਹਾਰ ਵਿਚ ਦੋ ਰਿਹਾਇਸ਼ੀ ਅਤੇ ਇਕ ਵਪਾਰਕ ਇਮਾਰਤ, ਨੂਰ ਵਿਲਾ ਵਿਚ ਇਕ ਉਦਯੋਗਿਕ ਉਸਾਰੀ ਅਤੇ ਮੱਲ੍ਹੀ ਰੋਡ ਉੱਤੇ ਇਕ ਵਪਾਰਕ ਉਸਾਰੀ ਵਿਰੁੱਧ ਕਾਰਵਾਈ ਕੀਤੀ ਗਈ। ਨਗਰ ਨਿਗਮ ਏ.ਟੀ.ਪੀ. ਐਮ.ਐਸ. ਬੇਦੀ ਨੇ ਦੱਸਿਆ ਕਿ ਨਗਰ ਨਿਗਮ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਲਗਾਤਾਰ ਸ਼ਿਕਾਇਤਾਂ ਵੀ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਇਮਾਰਤਾਂ ਢਾਹੁਣ ਦੀ ਮੁਹਿੰਮ ਚਲਾਈ ਗਈ।
ਨਗਰ ਨਿਗਮ ਕਮਿਸ਼ਨਰ ਡਾ. ਅਗਰਵਾਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਮਾਰਤਾਂ ਦੀ ਉਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਨਗਰ ਨਿਗਮ ਤੋਂ ਬਿਲਡਿੰਗ ਦਾ ਨਕਸ਼ਾ ਮਨਜ਼ੂਰ ਕਰਵਾਉਣ ਅਤੇ ਨਿਯਮਾਂ ਅਨੁਸਾਰ ਇਮਾਰਤਾਂ ਦੀ ਉਸਾਰੀ ਕਰਵਾਉਣ, ਨਹੀਂ ਤਾਂ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।