ਲੁਧਿਆਣਾ : ਬੁੱਢੇ ਨਾਲੇ ਦਾ ਪਾਣੀ ਓਵਰਫਲੋਅ ਹੋ ਕੇ ਚੰਦਰ ਨਗਰ, ਨਿਊ ਦੀਪ ਨਗਰ, ਕੁੰਦਨਪੁਰੀ, ਸ਼ਿਵਪੁਰੀ ’ਚ ਵੜਨ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਬੁੱਢਾ ਨਾਲਾ ਤਾਜਪੁਰ ਰੋਡ ਦੇ ਨਾਲ ਲੱਗਦੇ ਏਰੀਏ ’ਚ ਸਭ ਤੋਂ ਵੱਧ ਕਹਿਰ ਢਾਹ ਰਿਹਾ ਹੈ, ਜਿੱਥੇ 24 ਘੰਟੇ ਦੇ ਅੰਦਰ 2 ਵਾਰ ਬੰਨ੍ਹ ਟੁੱਟਣ ਨਾਲ ਹੜ੍ਹ ਵਰਗੇ ਹਾਲਾਤ ਬਣ ਗਏ ਹਨ।
ਨਗਰ ਨਿਗਮ ਵੱਲੋਂ ਪਾਣੀ ਦੀ ਨਿਕਾਸੀ ਲਈ ਬੁੱਢੇ ਨਾਲੇ ਦੀ ਸਫਾਈ ਤੋਂ ਇਲਾਵਾ ਪਾਣੀ ਓਵਰਫਲੋਅਅ ਹੋਣ ਤੋਂ ਰੋਕਣ ਲਈ ਪਿਛਲੇ ਕਈ ਦਿਨਾਂ ਤੋਂ ਕਿਨਾਰਿਆਂ ਨੂੰ ਪੱਕਾ ਕਰਨ ਦੇ ਰੂਪ ’ਚ ਕੀਤੀ ਗਈ ਮਿਹਨਤ ’ਤੇ ਪਾਣੀ ਫਿਰ ਗਿਆ ਹੈ, ਜਿਸ ਦਾ ਨਤੀਜਾ ਇਹ ਹੋਇਆ ਕਿ ਤਾਜਪੁਰ ਰੋਡ ਨਾਲ ਲੱਗਦੇ ਰਿਹਾਇਸ਼ੀ ਇਲਾਕਿਆਂ, ਝੁੱਗੀਆਂ, ਇੰਡਸਟਰੀ ਯੂਨਿਟਾਂ ’ਚ ਪਾਣੀ ਵੜਨ ਦੀ ਸਮੱਸਿਆ ਆ ਰਹੀ ਹੈ।
ਕਮਿਸ਼ਨਰ ਸ਼ੇਨਾ ਅਗਰਵਾਲ ਨੇ ਦੱਸਿਆ ਕਿ ਬੁੱਢੇ ਨਾਲੇ ਦਾ ਪਾਣੀ ਓਵਰਫਲੋਅਅ ਹੋ ਕੇ ਨਾਲ ਲੱਗਦੇ ਇਲਾਕਿਆਂ ’ਚ ਵੜਨ ਤੋਂ ਰੋਕਣ ਲਈ ਨਗਰ ਨਿਗਮ ਵੱਲੋਂ ਪੂਰੀ ਮਿਹਨਤ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਕਿਨਾਰੇ ਪੱਕੇ ਕਰਨ ਦੀ ਮੁਹਿੰਮ ਚਲਾਉਣ ਤੋਂ ਇਲਾਵਾ ਹੇਠਲੇ ਇਲਾਕਿਆਂ ’ਚ ਜਾਮ ਪਾਣੀ ਨੂੰ ਕੱਢਣ ਲਈ ਪੰਪ ਲਗਾਏ ਗਏ ਹਨ, ਜਿਸ ਨੂੰ ਲੈ ਕੇ ਮਾਨੀਟਰਿੰਗ ਕਰਨ ਦੇ ਲਈ 24 ਘੰਟੇ ਅਫ਼ਸਰਾਂ ਦੀ ਡਿਊਟੀ ਲਗਾਈ ਗਈ ਹੈ, ਜਿਨ੍ਹਾਂ ਵੱਲੋਂ ਕਿਤੇ ਵੀ ਸ਼ਿਕਾਇਤ ਮਿਲਣ ’ਤੇ ਤੁਰੰਤ ਰਿਸਪਾਂਸ ਕੀਤਾ ਜਾਂਦਾ ਹੈ।
ਬੁੱਢੇ ਨਾਲੇ ਦੇ ਓਵਰਫਲੋਅਅ ਹੋਣ ‘ਤੇ ਨਗਰ ਨਿਗਮ ਅਧਿਕਾਰੀਆਂ ਵੱਲੋਂ ਪਿਛਲੇ ਹਿੱਸੇ ’ਚ ਕਾਫੀ ਜ਼ਿਆਦਾ ਪਾਣੀ ਆਉਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਅਤੇ ਅੱਗੇ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਾਰਨ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਆ ਰਹੀ ਹੈ। ਉੱਪਰੋਂ ਭੱਟੀਆਂ ਐੱਸ. ਟੀ. ਪੀ. ਬੰਦ ਹੋਣ ਕਾਰਨ ਨਾਲ ਲੱਗਦੇ ਇਲਾਕਿਆਂ ’ਚ ਸੀਵਰੇਜ ਜਾਮ ਦੀ ਸਮੱਸਿਆ ਆ ਰਹੀ ਹੈ।