ਲੁਧਿਆਣਾ : ਬਹੁਜਨ ਸਮਾਜ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸੰਬੰਧੀ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਸਮੇਤ 14 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਉਮੀਦਵਾਰਾਂ ਦਾ ਐਲਾਨ ਪਾਰਟੀ ਦੀ ਕੌਮੀ ਪ੍ਰਧਾਨ ਮਾਇਆਵਤੀ ਅਤੇ ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਦੀ ਸਹਿਮਤੀ ਨਾਲ ਕੀਤਾ ਗਿਆ।
ਪਾਰਟੀ ਵਲੋਂ ਚੋਣ ਮੈਦਾਨ ‘ਚ ਉਤਾਰੇ ਗਏ ਉਮੀਦਵਾਰਾਂ ‘ਚ ਜ਼ਿਆਦਾਤਰ ਹਲਕਾ ਇੰਚਾਰਜ ਹਨ, ਜਿਨ੍ਹਾਂ ਨੂੰ ਪਾਰਟੀ ਹਾਈਕਮਾਨ ਵਲੋਂ ਪਹਿਲਾਂ ਹੀ ਹਰੀ ਝੰਡੀ ਦੇ ਦਿੱਤੀ ਗਈ ਸੀ ਤੇ ਉਨ੍ਹਾਂ ਵਲੋਂ ਆਪੋ-ਆਪਣੇ ਹਲਕੇ ‘ਚ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਪਿੱਛੋਂ ਬਸਪਾ ਵਲੋਂ ਆਪਣੇ ਹਿੱਸੇ ਦੀਆਂ 20 ਸੀਟਾਂ ‘ਚੋਂ ਅੱਜ 14 ਉਮੀਦਵਾਰਾਂ ਦਾ ਹੀ ਐਲਾਨ ਕੀਤਾ ਗਿਆ, ਜਦਕਿ 6 ਸੀਟਾਂ ‘ਤੇ ਅਜੇ ਉਮੀਦਵਾਰਾਂ ਬਾਰੇ ਸਹਿਮਤੀ ਨਹੀਂ ਬਣ ਸਕੀ।
ਐਲਾਨੇ ਗਏ ਉਮੀਦਵਾਰਾਂ ‘ਚ ਫਗਵਾੜਾ ਤੋਂ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਚੋਣ ਲੜਨਗੇ, ਜਦਕਿ ਡਾ. ਨਛੱਤਰ ਪਾਲ ਨੂੰ ਨਵਾਂਸ਼ਹਿਰ ਤੋਂ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ। ਇਸੇ ਤਰ੍ਹਾਂ ਪਾਇਲ (ਰਾਖਵੇਂ) ਤੋਂ ਡਾ. ਜਸਪ੍ਰੀਤ ਸਿੰਘ, ਭੋਆ (ਰਾਖਵੇਂ) ਤੋਂ ਰਾਕੇਸ਼ ਮਹਾਸ਼ਾ, ਪਠਾਨਕੋਟ ਤੋਂ ਜੋਤੀ ਭੀਮ, ਦੀਨਾ ਨਗਰ (ਰਾਖਵੇਂ) ਤੋਂ ਕਮਲਜੀਤ ਚਾਵਲਾ, ਕਪੂਰਥਲਾ ਤੋਂ ਦਵਿੰਦਰ ਸਿੰਘ ਢਪਈ, ਜਲੰਧਰ ਉੱਤਰੀ ਤੋਂ ਕੁਲਦੀਪ ਸਿੰਘ ਲੁਬਾਣਾ, ਦਸੂਹਾ ਤੋਂ ਸੁਸ਼ੀਲ ਕੁਮਾਰ ਸ਼ਰਮਾ, ਉੜਮੁੜ ਟਾਂਡਾ ਤੋਂ ਲਖਵਿੰਦਰ ਸਿੰਘ ਲੱਖੀ, ਹੁਸ਼ਿਆਰਪੁਰ ਤੋਂ ਵਰਿੰਦਰ ਸਿੰਘ ਪਰਹਾਰ, ਸ੍ਰੀ ਅਨੰਦਪੁਰ ਸਾਹਿਬ ਤੋਂ ਨਿਤਿਨ ਨੰਦਾ, ਬੱਸੀ ਪਠਾਣਾ (ਰਾਖਵੇਂ) ਤੋਂ ਐਡਵੋਕੇਟ ਸ਼ਿਵ ਕੁਮਾਰ ਕਲਿਆਣ ਅਤੇ ਰਾਏਕੋਟ (ਰਾਖਵੇਂ) ਤੋਂ ਬਲਵਿੰਦਰ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਗਿਆ ਹੈ।